ਅੰਮ੍ਰਿਤਸਰ :- ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਪੰਜਾਬੀਆਂ ਨੂੰ ਇੱਕ-ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਘਰ, ਫਸਲਾਂ ਅਤੇ ਪਸ਼ੂ-ਮਾਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਅਤੇ ਲੋਕ ਬਹੁਤ ਮੁਸ਼ਕਲਾਂ ਵਿੱਚ ਹਨ।
ਜਥੇਦਾਰ ਸਾਹਿਬ ਨੇ ਪੰਜਾਬੀ ਭਾਈਚਾਰੇ ਦੀ ਇਕਤਾ ਨੂੰ ਯਾਦ ਦਵਾਇਆ ਅਤੇ ਜ਼ੋਰ ਦਿੱਤਾ ਕਿ ਕੋਈ ਵੀ ਭੁੱਖਾ ਨਾ ਰਹੇ, ਕਿਸੇ ਦੇ ਪਸ਼ੂ-ਮਾਲ ਨੂੰ ਚਾਰੇ ਤੋਂ ਬਿਨਾਂ ਨਾ ਛੱਡਿਆ ਜਾਵੇ ਅਤੇ ਹਰ ਪੀੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ।
ਹੜ੍ਹ ਤੋਂ ਬਾਅਦ ਸੁਰੱਖਿਆ ਅਤੇ ਤਿਆਰੀ
ਉਨ੍ਹਾਂ ਨੇ ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਲੋਕਾਂ ਦੀ ਸੇਵਾ ਜਾਰੀ ਰੱਖਣ। ਜਥੇਦਾਰ ਨੇ ਹੜ੍ਹਾਂ ਦੇ ਕਾਰਨਾਂ ਦੀ ਪੜਤਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ “2023 ਵਿੱਚ ਭਾਰੀ ਹੜ੍ਹ ਹੋਈ ਸੀ ਅਤੇ ਸਿਰਫ ਦੋ ਸਾਲ ਬਾਅਦ ਇਹ ਹੜ੍ਹ ਵੱਧ ਤੀਬਰ ਹੋ ਕੇ ਸਾਹਮਣੇ ਆਈ। ਇਹ ਜਾਣਨਾ ਜ਼ਰੂਰੀ ਹੈ ਕਿ ਦਰਿਆਵਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਿਉਂ ਵੜਦਾ ਹੈ, ਤਾਂ ਜੋ ਅਗਲੇ ਸਮੇਂ ਲਈ ਤਿਆਰੀ ਕੀਤੀ ਜਾ ਸਕੇ।”
ਕੁਦਰਤ ਦਾ ਆਦਰ ਅਤੇ ਗੁਰੂ ਦੀ ਸਿੱਖਿਆ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਸਾਹਿਬ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤ ਦਾ ਆਦਰ ਕਰਨਾ ਸਭ ਲਈ ਜ਼ਰੂਰੀ ਹੈ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਜੇ ਪੰਜਾਬੀ ਭਾਈਚਾਰਾ ਮਿਲ ਕੇ ਕੰਮ ਕਰੇ, ਤਾਂ ਗੁਰੂ ਦੀ ਕਿਰਪਾ ਨਾਲ ਇਹ ਮੁਸ਼ਕਲ ਘੜੀ ਵੀ ਜਲਦੀ ਪਾਰ ਕੀਤੀ ਜਾ ਸਕਦੀ ਹੈ।