ਅੰਮ੍ਰਿਤਸਰ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਖ਼ਾਲਸਾ ਪੰਥ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਗੁਰੂ ਸਾਹਿਬ ਦਾ ਜੀਵਨ ਹਰ ਯੁੱਗ ਲਈ ਪ੍ਰੇਰਣਾ ਦਾ ਸਰੋਤ ਹੈ।
ਗੁਰੂ ਸਾਹਿਬ ਨੇ ਬਚਪਨ ਤੋਂ ਹੀ ਪ੍ਰਾਪਤ ਕੀਤੀ ਆਤਮਿਕ ਅਤੇ ਸ਼ਸਤਰ ਵਿਦਿਆ
ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਅੱਜ ਦੇ ਹੀ ਦਿਨ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਸੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਸਾਹਿਬ ਜੀ ਤੋਂ ਸ਼ਸਤਰ ਵਿਦਿਆ ਅਤੇ ਆਤਮਿਕ ਸਿੱਖਿਆ ਹਾਸਲ ਕੀਤੀ, ਜਦਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਹੇਠ ਉਨ੍ਹਾਂ ਦੀ ਸੰਪੂਰਨ ਸਿੱਖਿਆ ਸੰਪੰਨ ਹੋਈ।
ਮੀਰੀ-ਪੀਰੀ ਦਾ ਸਿਧਾਂਤ ਦੁਨੀਆ ਨੂੰ ਦਿੱਤਾ ਮਹਾਨ ਸੰਦੇਸ਼
ਜਥੇਦਾਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਗਈ। ਗੁਰਗੱਦੀ ਸੰਭਾਲਣ ਉਪਰੰਤ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਇਹ ਸੰਦੇਸ਼ ਦਿੱਤਾ ਕਿ ਆਤਮਿਕਤਾ ਅਤੇ ਸੰਸਾਰਕ ਜ਼ਿੰਮੇਵਾਰੀਆਂ ਦਾ ਸੰਤੁਲਨ ਹੀ ਨਿਆਂਪੂਰਨ ਸਮਾਜ ਦੀ ਨੀਂਹ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਲ ਸਿੱਖ ਕੌਮ ਨੂੰ ਮਿਲਿਆ ਮਜ਼ਬੂਤ ਕੇਂਦਰ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਅਜਿਹਾ ਕੇਂਦਰ ਦਿੱਤਾ, ਜਿੱਥੋਂ ਧਾਰਮਿਕ ਅਤੇ ਪੰਥਕ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਨੇ ਖ਼ਾਲਸਾ ਫ਼ੌਜ ਦੀ ਨੀਂਹ ਰੱਖਦਿਆਂ ਸਿੱਖਾਂ ਨੂੰ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹਨ ਅਤੇ ਸੂਰਬੀਰਤਾ ਦਾ ਜੀਵਨ ਅਪਣਾਉਣ ਦੀ ਪ੍ਰੇਰਣਾ ਦਿੱਤੀ।
ਸੰਗਤਾਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ‘ਤੇ ਚੱਲਣ ਦੀ ਕੀਤੀ ਅਪੀਲ
ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਰਹਿਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਧਰਮ, ਸੇਵਾ, ਸੂਰਬੀਰਤਾ, ਏਕਤਾ ਅਤੇ ਕੌਮੀ ਚੜ੍ਹਦੀ ਕਲਾ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਇਆ ਜਾਵੇ।

