ਅੰਮ੍ਰਿਤਸਰ :- ਅਜਨਾਲਾ ਅਤੇ ਰਾਮਦਾਸ ਖੇਤਰਾਂ ਵਿੱਚ ਰਾਵੀ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮਦਦ ਹਾਲੇ ਤੱਕ ਇਲਾਕੇ ਵਿੱਚ ਪੂਰੀ ਤਰ੍ਹਾਂ ਨਹੀਂ ਪਹੁੰਚੀ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਤੁਰੰਤ ਦੋ ਤੋਂ ਤਿੰਨ ਡਿਪਟੀ ਕਮਿਸ਼ਨਰ (ਡੀਸੀ) ਨਿਯੁਕਤ ਕੀਤੇ ਜਾਣ, ਤਾਂ ਜੋ ਰਾਹਤ ਕਾਰਜ ਤੇਜ਼ੀ ਨਾਲ ਹੋ ਸਕਣ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਅਸਲੀ ਸਥਿਤੀ ਸਰਕਾਰ ਤੱਕ ਪਹੁੰਚ ਸਕੇ।
ਲੋਕਾਂ ਨੇ ਦੱਸਿਆ ਕਿ ਇਸ ਸਮੇਂ ਰਾਹਤ ਕੈਂਪ ਸਿਰਫ਼ ਇੱਕ ਸਥਾਨ ‘ਤੇ ਲਗਾਇਆ ਗਿਆ ਹੈ, ਜਿਸ ਨਾਲ ਬਹੁਤ ਸਾਰੇ ਪਿੰਡਾਂ ਤੱਕ ਮਦਦ ਨਹੀਂ ਪਹੁੰਚ ਰਹੀ। ਉਨ੍ਹਾਂ ਦੀ ਮੰਗ ਹੈ ਕਿ ਜ਼ਿਆਦਾ ਅਧਿਕਾਰੀਆਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਤਾਇਨਾਤ ਕਰਕੇ ਤੁਰੰਤ ਰਾਹਤ ਉਪਰਾਲੇ ਕੀਤੇ ਜਾਣ।
ਬੱਲੜਵਾਲ ਵਿੱਚ ਨਹਿਰ ਤੋੜਨ ਨਾਲ ਵਧਿਆ ਖਤਰਾ
ਇਸ ਦੌਰਾਨ ਬੱਲੜਵਾਲ ਪਿੰਡ ਵਿੱਚ ਇਕ ਵਿਵਾਦਿਤ ਘਟਨਾ ਸਾਹਮਣੇ ਆਈ ਹੈ, ਜਿੱਥੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਨਿੱਜੀ ਵਿਅਕਤੀ ਵੱਲੋਂ ਆਪਣੀ ਫਸਲ ਬਚਾਉਣ ਲਈ ਜੇਸੀਬੀ ਮਸ਼ੀਨ ਨਾਲ ਨਹਿਰ ਤੋੜ ਦਿੱਤੀ ਗਈ। ਇਸ ਕਾਰਨ ਲਗਭਗ 40 ਤੋਂ 50 ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਅਤੇ ਫਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਲੋਕਾਂ ਦੀਆਂ ਮੰਗਾਂ ਅਤੇ ਸਰਕਾਰ ਤੋਂ ਉਮੀਦਾਂ
ਪ੍ਰਭਾਵਿਤ ਪਿੰਡਾਂ ਬੱਲੜਵਾਲ, ਖਾਨਵਾਲ, ਗੁੱਜਰਪੁਰਾ ਥੇਹ, ਜਗਦੇਵ ਖੁਰਦ, ਚਾਹਰਪੁਰ, ਬੇਦੀ ਛੰਨਾ, ਗਿੱਲਾਂਵਾਲੀ ਅਤੇ ਮਲਕਪੁਰ ਵਿੱਚ ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ। ਲੋਕਾਂ ਨੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਰਾਹਤ ਸਮੱਗਰੀ, ਪੀਣ ਵਾਲਾ ਪਾਣੀ, ਰਾਸ਼ਨ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾਣ। ਇਸਦੇ ਨਾਲ ਹੀ ਐਨਡੀਆਰਐਫ ਦੀਆਂ ਟੀਮਾਂ ਤੁਰੰਤ ਤਾਇਨਾਤ ਕੀਤੀਆਂ ਜਾਣ।