ਲੁਧਿਆਣਾ ਨਗਰ ਨਿਗਮ ਵਿੱਚ ਭਾਜਪਾ ਦੇ ਕੌਂਸਲਰਾਂ ਵੱਲੋਂ ਮੇਅਰ ਖ਼ਿਲਾਫ਼ ਲਾਇਆ ਗਿਆ ਧਰਨਾ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਧਰਨਾ ਸ਼ੁੱਕਰਵਾਰ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਭਾਜਪਾ ਕੌਂਸਲਰ ਆਪਣੀਆਂ ਵਾਰਡਾਂ ਦੀਆਂ ਸਮੱਸਿਆਵਾਂ ਲੈ ਕੇ ਮੇਅਰ ਨਾਲ ਮੀਟਿੰਗ ਕਰਨ ਗਏ ਸਨ, ਪਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ।
ਕੌਂਸਲਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਮੇਅਰ ਵੱਲੋਂ ਪੁਲਸ ਬੁਲਾਈ ਗਈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਧਰਨਾ ਲਾ ਦਿੱਤਾ ਗਿਆ।
ਇਹ ਧਰਨਾ ਲਗਾਤਾਰ ਦਿਨ-ਰਾਤ ਚੱਲ ਰਿਹਾ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਕੁਝ ਕੌਂਸਲਰ ਵੀ ਭਾਜਪਾ ਦੇ ਨਾਲ ਧਰਨੇ ਵਿੱਚ ਸ਼ਾਮਲ ਹੋ ਗਏ ਹਨ। ਮੇਅਰ ਦਾ ਕਹਿਣਾ ਹੈ ਕਿ ਕੌਂਸਲਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੀਟਿੰਗ ਵਿੱਚ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ, ਪਰ ਭਾਜਪਾ ਕੌਂਸਲਰਾਂ ਵੱਲੋਂ ਜ਼ਬਰਦਸਤੀ ਹੰਗਾਮਾ ਕੀਤਾ ਗਿਆ। ਇਸ ਮਾਮਲੇ ਵਿੱਚ ਮੇਅਰ ਵੱਲੋਂ ਪੁਲਸ ਕੇਸ ਵੀ ਦਰਜ ਕਰਵਾਇਆ ਗਿਆ ਹੈ।
ਇਸ ਵਿਰੋਧ ਦੇ ਬਾਵਜੂਦ ਧਰਨਾ ਸੋਮਵਾਰ ਨੂੰ ਵੀ ਲਗਾਤਾਰ ਜਾਰੀ ਹੈ। ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ, ਸਰਾਭਾ ਨਗਰ ਵਿੱਚ ਕੌਂਸਲਰ ਤੇ ਭਾਜਪਾ ਆਗੂ ਇਕੱਠੇ ਹੋ ਰਹੇ ਹਨ। ਹਾਲਾਂਕਿ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਲਗਾਈ ਗਈ, ਰਸਤਾ ਖੁੱਲ੍ਹਾ ਰੱਖਿਆ ਗਿਆ ਹੈ। ਧਰਨੇ ਦੌਰਾਨ ਭਾਜਪਾ ਵੱਲੋਂ ਮੇਅਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।