ਦੀਨਾਨਗਰ :- ਦੀਨਾਨਗਰ-ਗਾਹਲੜੀ ਸੜਕ ‘ਤੇ ਪਿੰਡ ਨੀਵਾਂ ਧਕਾਲਾ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੁਰਦੁਆਰਾ ਟਾਹਲੀ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।
ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ, ਦੂਜੇ ਨੇ ਹਸਪਤਾਲ ਜਾਂਦਿਆਂ ਤੋੜਿਆ ਦਮ
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਹਾਦਸੇ ਦੌਰਾਨ ਜੰਗਲ (ਦੀਨਾਨਗਰ) ਵਾਸੀ ਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਰਿਤਮ ਵਾਸੀ ਆਵਾਂਖਾ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਤੀਜੇ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਰਾਹਗੀਰਾਂ ਨੇ ਤੁਰੰਤ ਚਲਾਇਆ ਬਚਾਅ ਕਾਰਜ
ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਕਾਰ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਭੇਜਿਆ। ਹਾਲਾਂਕਿ, ਦੋ ਨੌਜਵਾਨਾਂ ਨੂੰ ਬਚਾਇਆ ਨਾ ਜਾ ਸਕਿਆ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਘਟਨਾ ਦੀ ਸੂਚਨਾ ਮਿਲਣ ਉਪਰੰਤ ਬਹਿਰਾਮਪੁਰ ਥਾਣੇ ਦੀ ਪੁਲਿਸ ਅਧਿਕਾਰੀ ਹਰਬੰਸ ਲਾਲ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੀ ਅਤੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਕੇ ਵਿੱਚ ਸੋਗ ਦਾ ਮਾਹੌਲ
ਇਸ ਦੁਖਦਾਈ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਦੋ ਨੌਜਵਾਨਾਂ ਦੀ ਅਚਾਨਕ ਮੌਤ ਨਾਲ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਸਥਾਨਕ ਲੋਕਾਂ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ।

