ਚੰਡੀਗੜ੍ਹ :- ਨੌਕਰੀਪੇਸ਼ਾ ਕਰਮਚਾਰੀਆਂ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਜਲਦ ਹੀ ਵੱਡੀ ਸਹੂਲਤ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। EPFO 3.0 ਨਾਮਕ ਨਵੇਂ ਡਿਜੀਟਲ ਪਲੇਟਫਾਰਮ ਰਾਹੀਂ ਮੈਂਬਰਾਂ ਨੂੰ ਆਪਣੇ ਪੀਐੱਫ ਖਾਤੇ ਵਿੱਚੋਂ ਰਕਮ ਕਢਵਾਉਣ ਲਈ ਲੰਬੀ ਪ੍ਰਕਿਰਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਯੂਪੀਆਈ ਜਾਂ ਏਟੀਐੱਮ ਰਾਹੀਂ ਕੁਝ ਹੀ ਮਿੰਟਾਂ ਵਿੱਚ ਪੀਐੱਫ ਦੀ ਰਕਮ ਪ੍ਰਾਪਤ ਕੀਤੀ ਜਾ ਸਕੇਗੀ। ਇਹ ਪ੍ਰਣਾਲੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਵੀ ਪੂਰੀ ਹੋ ਚੁੱਕੀ ਹੈ।
ਨਿਕਾਸੀ ਲਈ ਮੌਜੂਦਾ ਸੀਮਾ ਹੀ ਰਹਿਣ ਦੀ ਸੰਭਾਵਨਾ
ਫਿਲਹਾਲ EPFO ਨੇ ਯੂਪੀਆਈ ਜਾਂ ਏਟੀਐੱਮ ਰਾਹੀਂ ਰਕਮ ਕਢਵਾਉਣ ਲਈ ਕੋਈ ਨਵੀਂ ਸੀਮਾ ਦਾ ਐਲਾਨ ਨਹੀਂ ਕੀਤਾ। ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ। ਇਸ ਅਨੁਸਾਰ ਲੋੜ ਪੈਣ ‘ਤੇ ਯੋਗ ਮੈਂਬਰ ਆਪਣੇ ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਦਾ ਵੱਧ ਤੋਂ ਵੱਧ 75 ਫ਼ੀਸਦੀ ਹਿੱਸਾ ਕਢਵਾ ਸਕਣਗੇ। ਹਾਲਾਂਕਿ, ਅੰਤਿਮ ਨਿਯਮ EPFO ਵੱਲੋਂ ਅਧਿਕਾਰਤ ਦਿਸ਼ਾ-ਨਿਰਦੇਸ਼ ਜਾਰੀ ਹੋਣ ਮਗਰੋਂ ਹੀ ਸਪੱਸ਼ਟ ਹੋਣਗੇ।
ਪੀਐੱਫ ਨਾਲ ਜੁੜਿਆ ਏਟੀਐੱਮ ਕਾਰਡ ਵੀ ਆ ਸਕਦਾ ਹੈ
ਨਵੀਂ ਯੋਜਨਾ ਤਹਿਤ ਪੀਐੱਫ ਖਾਤਾਧਾਰਕਾਂ ਲਈ ਵਿਸ਼ੇਸ਼ ਏਟੀਐੱਮ ਕਾਰਡ ਜਾਰੀ ਕਰਨ ਦੀ ਵੀ ਚਰਚਾ ਹੈ। ਰਿਪੋਰਟਾਂ ਮੁਤਾਬਕ ਇਹ ਕਾਰਡ ਆਮ ਡੈਬਿਟ ਕਾਰਡ ਵਾਂਗ ਕੰਮ ਕਰੇਗਾ, ਜਿਸ ਦੀ ਮਦਦ ਨਾਲ ਮੈਂਬਰ ਨਿਰਧਾਰਤ ਸੀਮਾ ਅੰਦਰ ਆਪਣੇ ਪੀਐੱਫ ਖਾਤੇ ਵਿੱਚੋਂ ਸਿੱਧੇ ਏਟੀਐੱਮ ਰਾਹੀਂ ਨਕਦ ਰਕਮ ਕਢ ਸਕਣਗੇ। ਹਾਲਾਂਕਿ ਇਸ ਸਬੰਧੀ ਅਜੇ ਅੰਤਿਮ ਮਨਜ਼ੂਰੀ ਅਤੇ ਅਧਿਕਾਰਤ ਐਲਾਨ ਆਉਣਾ ਬਾਕੀ ਹੈ।
ਆਧਾਰ ਪ੍ਰਮਾਣਿਕਤਾ ਤੋਂ ਬਾਅਦ ਤੁਰੰਤ ਹੋਵੇਗੀ ਰਕਮ ਜਾਰੀ
ਨਵੀਂ ਡਿਜੀਟਲ ਪ੍ਰਣਾਲੀ ਵਿੱਚ ਸਭ ਤੋਂ ਪਹਿਲਾਂ ਆਧਾਰ ਨਾਲ ਜੁੜੇ ਓਟੀਪੀ ਰਾਹੀਂ ਮੈਂਬਰ ਦੀ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਬਾਅਦ ਯੂਪੀਆਈ ਜਾਂ ਏਟੀਐੱਮ ਰਾਹੀਂ ਨਿਕਾਸੀ ਦੀ ਬੇਨਤੀ ਕੀਤੀ ਜਾ ਸਕੇਗੀ। ਪਛਾਣ ਦੀ ਪੁਸ਼ਟੀ ਹੁੰਦਿਆਂ ਹੀ ਰਕਮ ਮੈਂਬਰ ਦੇ ਲਿੰਕ ਕੀਤੇ ਬੈਂਕ ਖਾਤੇ ਵਿੱਚ ਤੁਰੰਤ ਭੇਜ ਦਿੱਤੀ ਜਾਵੇਗੀ। ਇਸ ਨਾਲ ਆਨਲਾਈਨ ਕਲੇਮ ਮਨਜ਼ੂਰ ਹੋਣ ਲਈ ਕਈ ਦਿਨਾਂ ਦੀ ਉਡੀਕ ਕਰਨ ਦੀ ਲੋੜ ਨਹੀਂ ਰਹੇਗੀ।
ਸਰਗਰਮ UAN ਅਤੇ ਅਪਡੇਟ ਵੇਰਵੇ ਹੋਣੇ ਲਾਜ਼ਮੀ
ਇਸ ਸਹੂਲਤ ਦਾ ਲਾਭ ਉਹੀ ਮੈਂਬਰ ਲੈ ਸਕਣਗੇ ਜਿਨ੍ਹਾਂ ਦਾ ਯੂਏਐੱਨ ਸਰਗਰਮ ਹੋਵੇ ਅਤੇ ਆਧਾਰ ਨਾਲ ਲਿੰਕ ਕੀਤਾ ਗਿਆ ਹੋਵੇ। ਇਸ ਦੇ ਨਾਲ ਪੈਨ ਕਾਰਡ, ਬੈਂਕ ਖਾਤਾ, ਸਹੀ ਆਈਐੱਫਐੱਸਸੀ ਕੋਡ ਅਤੇ ਰਜਿਸਟਰਡ ਮੋਬਾਈਲ ਨੰਬਰ ਵੀ EPFO ਪੋਰਟਲ ‘ਤੇ ਅਪਡੇਟ ਹੋਣਾ ਲਾਜ਼ਮੀ ਹੋਵੇਗਾ। ਚਰਚਾ ਇਹ ਵੀ ਹੈ ਕਿ ਰਿਟਾਇਰਮੈਂਟ ਫੰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਖਾਤੇ ਵਿੱਚ ਘੱਟੋ-ਘੱਟ 25 ਫ਼ੀਸਦੀ ਰਕਮ ਬਰਕਰਾਰ ਰੱਖਣ ਦਾ ਨਿਯਮ ਵੀ ਲਾਗੂ ਕੀਤਾ ਜਾ ਸਕਦਾ ਹੈ।

