ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਿਆਨਕ ਮੀਂਹ ਅਤੇ ਹੜ੍ਹ ਕਾਰਨ 22 ਲੋਕਾਂ ਦੀ ਜਾਨ ਚਲੀ ਗਈ ਹੈ। ਸੂਬਾਈ ਰਾਜਧਾਨੀ ਲਾਹੌਰ ਦੇ ਘੱਟੋ-ਘੱਟ ਨੌਂ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਘਰਾਂ ਅਤੇ ਸੜਕਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਨਾਲ ਜੀਵਨ ਪ੍ਰਭਾਵਿਤ ਹੋਇਆ ਹੈ।
1,700 ਪਿੰਡਾਂ ਵਿੱਚ ਪਾਣੀ, ਫਸਲਾਂ ਤਬਾਹ
ਪੰਜਾਬ ਸਰਕਾਰ ਦੇ ਜਾਰੀ ਬਿਆਨ ਅਨੁਸਾਰ, ਘੱਟੋ-ਘੱਟ 1,700 ਪਿੰਡ ਹੜ੍ਹ ਕਾਰਨ ਡੁੱਬ ਗਏ ਹਨ ਅਤੇ ਹਜ਼ਾਰਾਂ ਏਕੜ ਜ਼ਮੀਨ ਉੱਤੇ ਖੜ੍ਹੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਹੁਣ ਤੱਕ ਵੱਖ-ਵੱਖ ਬਚਾਅ ਸੰਸਥਾਵਾਂ ਅਤੇ ਫੌਜ ਦੀ ਮਦਦ ਨਾਲ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਭਾਰਤ ਦੇ ਡੈਮ ਖੋਲ੍ਹਣ ਦਾ ਦਾਅਵਾ, ਫੌਜ ਮੈਦਾਨ ‘ਚ
ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵੱਲੋਂ ਰਾਵੀ ਨਦੀ ‘ਤੇ ਆਪਣੇ ਡੈਮਾਂ ਦੇ ਦਰਵਾਜ਼ੇ ਖੋਲ੍ਹਣ ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਹੋ ਗਈ। ਇਸ ਕਾਰਨ ਲਾਹੌਰ, ਓਕਾਰਾ, ਫੈਸਲਾਬਾਦ, ਸਿਆਲਕੋਟ, ਨਾਰੋਵਾਲ, ਕਸੂਰ, ਸਰਗੋਧਾ ਅਤੇ ਹਾਫਿਜ਼ਾਬਾਦ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਫੌਜ ਨੂੰ ਬੁਲਾਇਆ ਗਿਆ ਹੈ ਤਾਂ ਜੋ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਜਾ ਸਕੇ।
ਰਾਵੀ ਅਤੇ ਸਤਲੁਜ ਵਿਚ ਹੜ੍ਹ ਦਾ ਖ਼ਤਰਾ ਬਰਕਰਾਰ
ਰਾਵੀ ਨਦੀ ਨੇ ਲਾਹੌਰ ਦੇ ਕਈ ਰਿਹਾਇਸ਼ੀ ਖੇਤਰਾਂ ਨੂੰ ਡੁੱਬੋ ਦਿੱਤਾ ਹੈ, ਜਦੋਂ ਕਿ ਚਨਾਬ ਨਦੀ ਪ੍ਰਣਾਲੀ ਵਿੱਚੋਂ ਅਗਲੇ 48 ਘੰਟਿਆਂ ਵਿੱਚ 8 ਲੱਖ ਕਿਊਸਿਕ ਤੱਕ ਪਾਣੀ ਛੱਡਣ ਦੀ ਸੰਭਾਵਨਾ ਜਤਾਈ ਗਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਅਨੁਸਾਰ, ਰਾਵੀ ਨਦੀ ਦੇ ਆਲੇ-ਦੁਆਲੇ 80 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ ਅਤੇ ਲਗਭਗ 11,000 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਤਲੁਜ ਵਿੱਚ ਆਏ ਹੜ੍ਹ ਨਾਲ 361 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲਗਭਗ 1.27 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਗਿਆ ਹੈ।
ਭਾਰਤ ਵੱਲੋਂ ਹੜ੍ਹ ਦੀ ਚੇਤਾਵਨੀ ਜਾਰੀ
ਭਾਰਤ ਨੇ ਕੂਟਨੀਤਕ ਚੈਨਲਾਂ ਰਾਹੀਂ ਪਾਕਿਸਤਾਨ ਨੂੰ ਹੜ੍ਹ ਬਾਰੇ ਚੇਤਾਵਨੀ ਜਾਰੀ ਕੀਤੀ ਸੀ ਕਿ ਮਾਧੋਪੁਰ ਡੈਮ ਤੋਂ ਪਾਣੀ ਛੱਡਿਆ ਜਾਵੇਗਾ। ਇਸ ਮਨੁੱਖੀ ਆਧਾਰ ‘ਤੇ ਕੀਤੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਤੁਰੰਤ ਰਾਹਤ ਕਾਰਜ ਤੇਜ਼ ਕਰਨ ਦੀ ਸ਼ੁਰੂਆਤ ਕੀਤੀ।