ਚੰਡੀਗੜ੍ਹ :- ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੀ ਸੁਰੱਖਿਆ ਲਈ ਮਹੱਤਵਪੂਰਣ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬਜ਼ੁਰਗਾਂ ਨੂੰ ਰੈਸਕਿਊ ਕਰਕੇ ਬਿਰਧ-ਘਰਾਂ ਵਿੱਚ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ ਅਤੇ ਬਿਮਾਰੀਆਂ ਤੋਂ ਬਚਾਅ ਲਈ ਉਪਾਅ ਕੀਤੇ ਜਾਣਗੇ।
ਮਾਨਸਾ ਦਾ ਨਵਾਂ ਬਿਰਧ ਆਸ਼ਰਮ ਕੱਲ੍ਹ ਤੋਂ ਸ਼ੁਰੂ
ਮੰਤਰੀ ਨੇ ਦੱਸਿਆ ਕਿ ਮਾਨਸਾ ਵਿਖੇ ਬਣਿਆ ਨਵਾਂ ਬਿਰਧ ਆਸ਼ਰਮ ਉਦਘਾਟਨ ਲਈ ਤਿਆਰ ਸੀ, ਪਰ ਹੜ੍ਹਾਂ ਕਾਰਨ ਤੁਰੰਤ ਲੋੜ ਦੇ ਮੱਦੇਨਜ਼ਰ ਇਸਨੂੰ ਕੱਲ੍ਹ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਮੇਂ ਸੂਬੇ ਵਿੱਚ 41 ਬਿਰਧ-ਘਰ ਹਨ, ਜਿਨ੍ਹਾਂ ਵਿੱਚ 572 ਬਜ਼ੁਰਗਾਂ ਦੀ ਸਮਰੱਥਾ ਹੈ, ਜਿਸਨੂੰ 700 ਤਕ ਵਧਾਇਆ ਜਾ ਸਕਦਾ ਹੈ।
ਬੱਚਿਆਂ ਲਈ ਬਾਲ-ਘਰ ਅਤੇ ਆਂਗਨਵਾੜੀ ਸੈਂਟਰ ਤਿਆਰ
ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬੱਚਿਆਂ ਨੂੰ ਬਾਲ-ਘਰਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਲਿਜਾਇਆ ਜਾਵੇਗਾ। ਜੇਕਰ ਬੱਚਾ ਆਪਣੀ ਮਾਂ ਨਾਲ ਰਹਿਣਾ ਚਾਹੇ ਤਾਂ ਉਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਵੱਲੋਂ ਖਿਚੜੀ, ਦਲੀਆ ਆਦਿ ਵੀ ਹੜ੍ਹ ਪੀੜਤ ਖੇਤਰਾਂ ਵਿੱਚ ਪਹੁੰਚਾਏ ਜਾਣਗੇ।
ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਪ੍ਰਬੰਧ
ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ‘ਸਖੀ-ਵਨ ਸਟਾਪ ਸੈਂਟਰ’ ਵੀ ਖ਼ਾਲੀ ਕਰਵਾ ਲਏ ਗਏ ਹਨ, ਜਿੱਥੇ ਲੋੜ ਪੈਣ ‘ਤੇ ਗਰਭਵਤੀ ਮਹਿਲਾਵਾਂ ਨੂੰ ਰੱਖਿਆ ਜਾ ਸਕੇਗਾ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਸੈਨੇਟਰੀ ਪੈਡ ਵੀ ਉਪਲਬਧ ਕਰਵਾਏ ਜਾਣਗੇ।
ਟੀਮਾਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਣਗੀਆਂ ਦੌਰਾ
ਸਰਕਾਰ ਨੇ ਟੀਮਾਂ ਗਠਿਤ ਕੀਤੀਆਂ ਹਨ, ਜੋ ਰੋਜ਼ਾਨਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਗੀਆਂ।