ਜਲਾਲਪੁਰ :- ਪਿੰਡ ਸਲੇਮਪੁਰ ਮੰਡ ਇਲਾਕੇ ਵਿੱਚ ਬਿਆਸ ਦਰਿਆ ਦੇ ਹੜ੍ਹ ਕਾਰਨ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪਿੰਡ ਰੜਾ ਵਾਸੀ ਜੈਲਾ ਪੁੱਤਰ ਪਿਆਰਾ ਲਾਲ, ਹਾਲ ਵਾਸੀ ਜਲਾਲਪੁਰ, ਪਾਣੀ ਵਿੱਚ ਫਸੇ ਕੁਝ ਲੋਕਾਂ ਦੀ ਮਦਦ ਲਈ ਆਪਣੇ ਦੋ ਸਾਥੀਆਂ ਨਾਲ ਦਰਿਆ ਵਿੱਚ ਗਿਆ ਸੀ, ਪਰ ਹੜ੍ਹ ਦੇ ਤੇਜ਼ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਪ੍ਰਸ਼ਾਸਨ ਦੇ ਦੇਰੀ ਨਾਲ ਪਹੁੰਚਣ ‘ਤੇ ਰੋਸ
ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ। ਜੈਲਾ ਨੂੰ ਬਚਾਉਣ ਲਈ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਆਪਣੇ ਪੱਧਰ ‘ਤੇ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਵੱਲੋਂ ਮਦਦ ਸਮੇਂ ਸਿਰ ਨਾ ਮਿਲਣ ਕਾਰਨ ਉਸ ਦੀ ਜ਼ਿੰਦਗੀ ਨਹੀਂ ਬਚ ਸਕੀ। ਉਸ ਦੀ ਲਾਸ਼ ਦੁਪਹਿਰ ਕਰੀਬ 3 ਵਜੇ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਅਤੇ ਸਰਪੰਚ ਚਰਨਜੀਤ ਸਿੰਘ ਨਿੱਕੂ ਦੀ ਸਹਾਇਤਾ ਨਾਲ ਬਾਹਰ ਕੱਢੀ ਗਈ।
ਪਰਿਵਾਰ ਲਈ ਮੁਆਵਜ਼ੇ ਦੀ ਮੰਗ
ਘਟਨਾ ਸਥਾਨ ‘ਤੇ ਮੌਜੂਦ ਬੀ. ਕੇ. ਯੂ. ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ ਸਮੇਤ ਹੋਰ ਸਥਾਨਕ ਲੋਕਾਂ ਨੇ ਰੋਸ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਸੂਚਿਤ ਕਰਨ ਬਾਵਜੂਦ ਕਈ ਘੰਟਿਆਂ ਬਾਅਦ ਟੀਮ ਮੌਕੇ ‘ਤੇ ਪਹੁੰਚੀ। ਲੋਕਾਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।