ਪਠਾਨਕੋਟ :- ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ‘ਚ 3 ਫਲੱਡ ਗੇਟ ਟੁੱਟਣ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਵੱਧ ਪੈਮਾਨੇ ‘ਤੇ ਵਾਹ ਪ੍ਰਵਾਹ ਸ਼ੁਰੂ ਹੋ ਗਿਆ ਹੈ। ਇਸ ਘਟਨਾ ਕਾਰਨ ਲਗਭਗ 50 ਕਰਮਚਾਰੀ ਜੰਮੂ ਦੇ ਲਖਨਪੁਰ ਪਾਸੇ ਫਸੇ ਰਹੇ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ।
ਇੱਕ ਕਰਮਚਾਰੀ ਅਜੇ ਵੀ ਲਾਪਤਾ
ਪ੍ਰਸ਼ਾਸਨਿਕ ਸਰੋਤਾਂ ਮੁਤਾਬਕ, ਇੱਕ ਕਰਮਚਾਰੀ ਅਜੇ ਵੀ ਲਾਪਤਾ ਹੈ ਅਤੇ ਉਸਦੀ ਭਾਲ ਜਾਰੀ ਹੈ। ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਵਗ ਰਿਹਾ ਹੈ, ਜਿਸ ਨਾਲ ਹੇਠਲੇ ਖੇਤਰਾਂ ਵਿੱਚ ਹੜ੍ਹ ਦੇ ਹਾਲਾਤ ਪੈਦਾ ਹੋ ਰਹੇ ਹਨ।
ਡੀਸੀ ਪਠਾਨਕੋਟ ਨੇ ਦਿੱਤਾ ਹਾਲਾਤ ਬਾਰੇ ਅਪਡੇਟ
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੁਸ਼ਟੀ ਕੀਤੀ ਕਿ ਫਲੱਡ ਗੇਟ ਟੁੱਟਣ ਤੋਂ ਬਾਅਦ ਲਗਭਗ 50 ਲੋਕ ਪਾਣੀ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀ ਬਾਰੇ ਫ਼ਿਲਹਾਲ ਕੋਈ ਅੰਤਿਮ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਹੇਠਲੇ ਖੇਤਰਾਂ ਵਿੱਚ ਵਧਿਆ ਖਤਰਾ
ਬੀਤੇ ਦਿਨਾਂ ਪਹਾੜੀ ਇਲਾਕਿਆਂ ਵਿੱਚ ਹੋਈ ਮੀਂਹ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ। ਪਠਾਨਕੋਟ ਦੇ ਮਾਧੋਪੁਰ ਅਤੇ ਆਲੇ-ਦੁਆਲੇ ਖੇਤਰਾਂ ਵਿੱਚ ਪਾਣੀ ਵਧਣ ਨਾਲ ਕਈ ਥਾਵਾਂ ‘ਤੇ ਪਾੜ ਆਏ ਹਨ। ਕੱਲ੍ਹ ਪਿੰਡ ਕੋਲੀਆਂ, ਬਹਾਦਰਪੁਰ ਅਤੇ ਪਾਸ਼ ਵਿੱਚ ਪਾੜ ਕਾਰਨ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਤਬਾਹ ਹੋ ਗਈਆਂ।
ਸਰਕਾਰ ਵੱਲੋਂ ਰਾਹਤ ਕਾਰਜ ਤੇਜ਼
ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਤੈਨਾਤ ਹਨ। ਹੈਲੀਕਾਪਟਰਾਂ ਰਾਹੀਂ ਰੈਸਕਿਊ ਕਾਰਜ ਤੇਜ਼ੀ ਨਾਲ ਜਾਰੀ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।