ਅੰਮ੍ਰਿਤਸਰ :- ਅੰਮ੍ਰਿਤਸਰ ਦੇ ਰਮਦਾਸ ਇਲਾਕੇ ਵਿੱਚ ਅੱਜ ਸਵੇਰੇ ਬੰਨ੍ਹ ਟੁੱਟਣ ਕਾਰਨ ਵੱਡੇ ਪੱਧਰ ‘ਤੇ ਹੜ੍ਹ ਆ ਗਿਆ ਹੈ। ਲਗਭਗ 25 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਸਵੇਰੇ 6 ਵਜੇ ਤੋਂ ਹੀ ਪਾਣੀ ਤੇਜ਼ੀ ਨਾਲ ਪਿੰਡਾਂ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਫਸੇ ਰਹੇ ਅਤੇ ਕਈ ਥਾਵਾਂ ‘ਤੇ ਲੋਕਾਂ ਦਾ ਸਾਮਾਨ ਵੀ ਪਾਣੀ ਵਿੱਚ ਵਹਿ ਗਿਆ।
ਪ੍ਰਸ਼ਾਸਨ ਤੇ ਰੈਸਕਿਊ ਟੀਮਾਂ ਮੈਦਾਨ ਵਿੱਚ
ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਅਤੇ ਐਸਐਸਪੀ ਦਿਹਾਤੀ ਖੁਦ ਟਰੈਕਟਰ ਟਰਾਲੀ ਅਤੇ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਰਾਤ ਤੋਂ ਹੀ ਪਾਣੀ ਦਾ ਪੱਧਰ ਬੇਹੱਦ ਵੱਧ ਗਿਆ ਹੈ। ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਬੀਐਸਐਫ ਦੀਆਂ ਚੌਕੀਆਂ ਵੀ ਪ੍ਰਭਾਵਿਤ
ਡੀਸੀ ਨੇ ਦੱਸਿਆ ਕਿ ਬੀਐਸਐਫ ਦੀਆਂ ਚੌਕੀਆਂ ਵੀ ਹੜ੍ਹ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਉਨ੍ਹਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਘੋਨੇਵਾਲ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬੀਐਸਐਫ ਅਤੇ ਫੌਜ ਦੀਆਂ ਗੱਡੀਆਂ ਵੀ ਪਾਣੀ ਵਿੱਚ ਫਸ ਗਈਆਂ ਹਨ। ਪਿੰਡਾਂ ਵਿੱਚ ਕਈ ਫੁੱਟ ਪਾਣੀ ਭਰਿਆ ਹੋਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਐਲਾਨ ਕਰਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸ਼ਤੀਆਂ ਰਾਹੀਂ ਨਿਰਧਾਰਤ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।
ਰਾਹਤ ਕੈਂਪਾਂ ਵਿੱਚ ਪ੍ਰਬੰਧ
ਪ੍ਰਸ਼ਾਸਨ ਵੱਲੋਂ ਇੱਕ ਸਕੂਲ ਵਿੱਚ ਰਾਹਤ ਕੈਂਪ ਬਣਾਇਆ ਗਿਆ ਹੈ, ਜਿੱਥੇ ਪ੍ਰਭਾਵਿਤ ਪਰਿਵਾਰਾਂ ਨੂੰ ਰੱਖਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਸਰਕਾਰ ਨੇ ਰਾਹਤ ਤੇ ਬਚਾਅ ਲਈ ਹਰ ਸੰਭਵ ਪ੍ਰਬੰਧ ਕੀਤੇ ਹਨ ਅਤੇ ਕਿਸੇ ਨੂੰ ਵੀ ਅਣਡਿੱਠਾ ਨਹੀਂ ਛੱਡਿਆ ਜਾਵੇਗਾ।