ਚੰਡੀਗੜ੍ਹ :- ਪੰਜਾਬ ਸਰਕਾਰ ਨੇ ਵਿੱਤੀ ਸਾਲ 2024-25 ਦੌਰਾਨ ਰਿਕਾਰਡ 310 ਕਰੋੜ ਰੁਪਏ ਦਾ ਲੇਬਰ ਸੈੱਸ ਇਕੱਠਾ ਕੀਤਾ ਹੈ। ਇਹ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਰਕਮ ਹੈ। 2021-22 ਵਿੱਚ ਇਹ ਰਕਮ 203.94 ਕਰੋੜ ਰੁਪਏ ਸੀ, 2022-23 ਵਿੱਚ 208.92 ਕਰੋੜ ਰੁਪਏ, ਜਦਕਿ 2023-24 ਵਿੱਚ 180 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ।
ਪਾਰਦਰਸ਼ਤਾ ਅਤੇ ਡਿਜੀਟਲ ਪ੍ਰਕਿਰਿਆਵਾਂ ਦਾ ਨਤੀਜਾ
ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੀਆਂ ਸੁਚਾਰੂ ਪ੍ਰਕਿਰਿਆਵਾਂ, ਪਾਰਦਰਸ਼ਤਾ ਅਤੇ ਕਿਰਤ ਭਲਾਈ ਖੇਤਰ ਵਿੱਚ ਕੀਤੀਆਂ ਗਈਆਂ ਠੋਸ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਰਤ ਵਿਭਾਗ ਨੇ ਸੈੱਸ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਪਲੇਟਫਾਰਮਾਂ ਰਾਹੀਂ ਕੁਸ਼ਲ ਅਤੇ ਜਵਾਬਦੇਹ ਬਣਾਇਆ ਹੈ।
ਇਕੱਠੀ ਰਕਮ ਕਿੱਥੇ ਵਰਤੀ ਜਾਵੇਗੀ?
ਸਰਕਾਰ ਵੱਲੋਂ ਇਕੱਠੀ ਕੀਤੀ ਗਈ ਇਹ ਰਕਮ ਉਸਾਰੀ ਮਜ਼ਦੂਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ। ਇਸ ਵਿੱਚ ਸਿਹਤ ਸੇਵਾਵਾਂ, ਸਿੱਖਿਆ ਸਹਾਇਤਾ, ਹੁਨਰ ਵਿਕਾਸ ਕਾਰਜਕਰਮ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸ਼ਾਮਲ ਹਨ।
ਭਲਾਈ ਬੋਰਡਾਂ ਵੱਲੋਂ ਸਕੀਮਾਂ ਸਰਲ ਕੀਤੀਆਂ ਗਈਆਂ
ਸੌਂਦ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਨੇ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਵਜ਼ੀਫ਼ਾ ਸਕੀਮ, ਐਲਟੀਸੀ ਸਕੀਮ ਅਤੇ ਸ਼ਗਨ ਸਕੀਮ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸਰਲ ਕੀਤਾ ਹੈ। ਨਾਲ ਹੀ, ਕਿਰਤ ਵਿਭਾਗ ਨੇ ਵੱਖ-ਵੱਖ ਐਕਟਾਂ ਅਧੀਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਅਤੇ ਉਦਯੋਗਿਕ ਸਕੀਮਾਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਕਰਵਾਇਆ ਹੈ।