ਚੰਡੀਗੜ੍ਹ :- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮ ਚੁਰਾਸੀ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਚੋਣੀ ਤਸਵੀਰ ਸਪੱਸ਼ਟ ਹੋ ਗਈ ਹੈ। ਕੁੱਲ 403 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 125 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ।
ਕਾਦੀਆਂ ਵਿੱਚ ਇੱਕ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ
ਨਾਮਜ਼ਦਗੀਆਂ ਵਾਪਸੀ ਤੋਂ ਬਾਅਦ ਹੁਣ ਕੁੱਲ 272 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਕਾਦੀਆਂ ਨਗਰ ਕੌਂਸਲ ਦੇ ਇੱਕ ਵਾਰਡ ਵਿੱਚ ਇੱਕ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਵੀ ਐਲਾਨਿਆ ਗਿਆ ਹੈ। ਚੋਣ ਕਮਿਸ਼ਨ ਮੁਤਾਬਕ ਦੀਨਾਨਗਰ ਤੋਂ 31, ਗੁਰਦਾਸਪੁਰ ਤੋਂ 48, ਕਾਦੀਆਂ ਤੋਂ 38 ਅਤੇ ਸ਼ਾਮ ਚੁਰਾਸੀ ਤੋਂ 8 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ ਹਨ।
13 ਜੂਨ ਨੂੰ 68 ਵਾਰਡਾਂ ਵਿੱਚ ਹੋਵੇਗੀ ਵੋਟਿੰਗ
ਚਾਰਾਂ ਨਗਰ ਕੌਂਸਲਾਂ ਦੇ ਕੁੱਲ 68 ਵਾਰਡਾਂ ਲਈ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ ਈਵੀਐਮ ਮਸ਼ੀਨਾਂ ਰਾਹੀਂ ਕਰਵਾਈ ਜਾਵੇਗੀ, ਜਦਕਿ ਵੋਟਾਂ ਦੀ ਗਿਣਤੀ ਪੋਲਿੰਗ ਮੁਕੰਮਲ ਹੋਣ ਉਪਰੰਤ ਉਸੇ ਦਿਨ ਸਬੰਧਤ ਪੋਲਿੰਗ ਕੇਂਦਰਾਂ ‘ਤੇ ਹੀ ਕੀਤੀ ਜਾਵੇਗੀ।

