ਅੰਮ੍ਰਿਤਸਰ :- ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਪਰਿਸਰ ਵਿੱਚ ਫਿਲਮਾਈ ਗਈ ਇੱਕ ਸੋਸ਼ਲ ਮੀਡੀਆ ਰੀਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਨੌਜਵਾਨ ਜੋੜੇ ਵੱਲੋਂ ਮੰਦਰ ਅੰਦਰ ਬਣਾਈ ਗਈ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਧਾਰਮਿਕ ਅਤੇ ਸਮਾਜਿਕ ਵਰਗਾਂ ਵਿੱਚ ਚਰਚਾ ਛਿੜ ਗਈ ਹੈ।
ਧਾਰਮਿਕ ਮਰਿਆਦਾ ਨਾਲ ਜੋੜੇ ਗਏ ਇਤਰਾਜ਼
ਵਾਇਰਲ ਹੋਈ ਵੀਡੀਓ ਵਿੱਚ ਮੰਦਰ ਦੇ ਆਲੇ-ਦੁਆਲੇ ਦੇ ਦ੍ਰਿਸ਼ਾਂ ਦੇ ਨਾਲ ਜੋੜਾ ਇੱਕ ਪੰਜਾਬੀ ਗੀਤ ਦੀ ਧੁਨ ‘ਤੇ ਨਜ਼ਰ ਆ ਰਿਹਾ ਹੈ। ਕੁਝ ਹਿੰਦੂ ਜਥੇਬੰਦੀਆਂ ਨੇ ਇਸ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਣਾ ਹਰ ਸ਼ਰਧਾਲੂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਧਾਰਮਿਕ ਆਗੂਆਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕੁਝ ਧਾਰਮਿਕ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਧਾਰਮਿਕ ਸਥਾਨਾਂ ‘ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਉਨ੍ਹਾਂ ਨੇ ਮੰਦਰਾਂ ਅਤੇ ਹੋਰ ਧਾਰਮਿਕ ਅਸਥਾਨਾਂ ‘ਤੇ ਨਿਗਰਾਨੀ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਮੰਗ ਕੀਤੀ।
ਮੰਦਰ ਪ੍ਰਬੰਧਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਦੁਰਗਿਆਣਾ ਮੰਦਰ ਪ੍ਰਬੰਧਨ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਉਸ ਤੋਂ ਤੁਰੰਤ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਦਰ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਜੋੜੇ ਨੇ ਮੰਨੀ ਗਲਤੀ, ਮੰਗੀ ਮੁਆਫ਼ੀ
ਵਿਵਾਦ ਵਧਣ ਮਗਰੋਂ ਸੰਬੰਧਤ ਜੋੜਾ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮੰਦਰ ਪ੍ਰਬੰਧਨ ਕੋਲ ਪਹੁੰਚਿਆ ਅਤੇ ਆਪਣੀ ਗਲਤੀ ਲਈ ਖੇਦ ਪ੍ਰਗਟ ਕੀਤਾ। ਜਾਣਕਾਰੀ ਅਨੁਸਾਰ ਜੋੜੇ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਵਿਆਹੇ ਗਏ ਹਨ ਅਤੇ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਸਨ। ਇਸ ਦੌਰਾਨ ਬਣਾਈ ਗਈ ਵੀਡੀਓ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਦਿੱਤਾ ਸੀ।
ਸੋਸ਼ਲ ਮੀਡੀਆ ਤੋਂ ਹਟਾਈ ਵੀਡੀਓ
ਮੰਦਰ ਪ੍ਰਬੰਧਨ ਅੱਗੇ ਮੁਆਫ਼ੀ ਮੰਗਣ ਤੋਂ ਬਾਅਦ ਜੋੜੇ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉਹ ਅਜਿਹੀ ਕੋਈ ਕਾਰਵਾਈ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੰਬੰਧਤ ਵੀਡੀਓ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਹਟਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਜੋੜਾ ਅੰਮ੍ਰਿਤਸਰ ਨਾਲ ਹੀ ਸਬੰਧਤ ਹੈ।

