ਅਮਰੀਕਾ :- ਅਮਰੀਕਾ ਵਿੱਚ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਚਾਲਕ ਜੋਬਨਪ੍ਰੀਤ ਸਿੰਘ ਨੂੰ ਅਦਾਲਤ ਨੇ 75 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਦੀ ਢੋਆ-ਢੁਆਈ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ।
ਟਰੱਕ ਦੀ ਤਲਾਸ਼ੀ ਦੌਰਾਨ ਸਾਹਮਣੇ ਆਇਆ ਸੀ ਮਾਮਲਾ
ਜਾਂਚ ਏਜੰਸੀਆਂ ਮੁਤਾਬਕ 17 ਅਪ੍ਰੈਲ 2025 ਨੂੰ ਇਲੀਨੋਇਸ ਸੂਬੇ ਵਿੱਚ ਇੱਕ ਨਿਯਮਤ ਟ੍ਰੈਫਿਕ ਜਾਂਚ ਦੌਰਾਨ ਜੋਬਨਪ੍ਰੀਤ ਸਿੰਘ ਦੇ ਟਰੱਕ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਟਰੱਕ ਵਿੱਚੋਂ ਕਰੀਬ 106 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 90 ਕਰੋੜ ਰੁਪਏ ਦੱਸੀ ਗਈ।
ਕੂੜੇ ਦੇ ਥੈਲਿਆਂ ਵਿੱਚ ਲੁਕਾਈ ਗਈ ਸੀ ਨਸ਼ੀਲੀ ਖੇਪ
ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਨੂੰ ਕੂੜੇ ਦੇ ਥੈਲਿਆਂ ਅੰਦਰ ਛੁਪਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਜੋ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ। ਸ਼ੁਰੂਆਤੀ ਪੁੱਛਗਿੱਛ ਦੌਰਾਨ ਟਰੱਕ ਚਾਲਕ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਖੇਪ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਸੁਨੇਹਿਆਂ ਨੇ ਖੋਲ੍ਹੀ ਸਾਰੀ ਕਹਾਣੀ
ਜਾਂਚ ਅੱਗੇ ਵਧਣ ‘ਤੇ ਅਧਿਕਾਰੀਆਂ ਨੂੰ ਉਸ ਦੇ ਮੋਬਾਈਲ ਫੋਨ ਵਿੱਚੋਂ ਮਹੱਤਵਪੂਰਨ ਸੁਨੇਹੇ ਮਿਲੇ। ਇਨ੍ਹਾਂ ਸੁਨੇਹਿਆਂ ਤੋਂ ਇਹ ਸੰਕੇਤ ਮਿਲੇ ਕਿ ਨਸ਼ੀਲੀ ਖੇਪ ਦੀ ਡਿਲੀਵਰੀ ਦੇ ਬਦਲੇ ਉਸ ਨੂੰ 5,400 ਡਾਲਰ ਮਿਲਣੇ ਸਨ। ਇਹ ਸਬੂਤ ਮਾਮਲੇ ਵਿੱਚ ਅਹਿਮ ਸਾਬਤ ਹੋਏ।
55 ਸਾਲ ਤੱਕ ਰਿਹਾਈ ਦੀ ਨਹੀਂ ਹੋਵੇਗੀ ਸੰਭਾਵਨਾ
ਅਦਾਲਤ ਦੇ ਫ਼ੈਸਲੇ ਅਨੁਸਾਰ 30 ਸਾਲਾ ਜੋਬਨਪ੍ਰੀਤ ਸਿੰਘ ਘੱਟੋ-ਘੱਟ 55 ਸਾਲ ਤੱਕ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇਗਾ। ਇਸ ਤਰ੍ਹਾਂ ਉਹ ਬਹੁਤ ਵੱਡੀ ਉਮਰ ਵਿੱਚ ਹੀ ਰਿਹਾਈ ਲਈ ਯੋਗ ਹੋਵੇਗਾ।
ਹਿਰਾਸਤ ਵਿੱਚ ਬਿਤਾਏ ਦਿਨ ਵੀ ਸਜ਼ਾ ਵਿੱਚ ਸ਼ਾਮਲ
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ਵਿੱਚ ਬਿਤਾਏ ਗਏ 407 ਦਿਨਾਂ ਨੂੰ ਵੀ ਕੁੱਲ ਸਜ਼ਾ ਦੀ ਮਿਆਦ ਵਿੱਚ ਜੋੜਿਆ ਜਾਵੇਗਾ।
ਨਸ਼ਾ ਤਸਕਰੀ ਵਿਰੁੱਧ ਸਖ਼ਤ ਸੰਦੇਸ਼
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸਖ਼ਤ ਰੁਖ਼ ਨੂੰ ਦਰਸਾਉਂਦਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਗੰਭੀਰ ਅਪਰਾਧਾਂ ਲਈ ਕਾਨੂੰਨ ਵਿੱਚ ਕੋਈ ਨਰਮੀ ਨਹੀਂ ਵਰਤੀ ਜਾਵੇਗੀ।

