ਗੁਰੂਗ੍ਰਮ :- ਦੇਸ਼ ਭਰ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰਾਂ ਅਤੇ ਸੈਲੀਬ੍ਰਿਟੀਜ਼ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਪ੍ਰਸਿੱਧ ਇੰਨਫਲੂਐਂਸਰ ਕਾਰਤਿਕ ਬੱਗਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਹੁਣ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ਨੂੰ ਮਾਰਨ ਦੀ ਸਾਜਿਸ਼ ਰਚੀ ਗਈ, ਪਰ ਪੁਲਸ ਦੀ ਮੁਸਤੈਦੀ ਨਾਲ ਇਹ ਯੋਜਨਾ ਅਸਫਲ ਰਹੀ।
ਗੁਰੂਗ੍ਰਾਮ ਪੁਲਸ ਅਤੇ ਐੱਸ.ਟੀ.ਐੱਫ. ਦੀ ਸਾਂਝੀ ਕਾਰਵਾਈ
ਗੁਰੂਗ੍ਰਾਮ ਪੁਲਸ ਅਤੇ ਹਰਿਆਣਾ ਐੱਸ.ਟੀ.ਐੱਫ. ਨੇ ਰਾਹੁਲ ਫਾਜ਼ਿਲਪੁਰੀਆ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਉਣ ਵਾਲੇ ਗੈਂਗਸਟਰਾਂ ‘ਤੇ ਵੱਡੀ ਕਾਰਵਾਈ ਕੀਤੀ। ਇਹ ਆਪਰੇਸ਼ਨ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੁਲਸ ਨੂੰ ਉਸਦੇ ਫਾਇਨੈਂਸਰ ਰੋਹਿਤ ਸ਼ੌਕੀਨ ਦੀ ਹੱਤਿਆ ਤੋਂ ਬਾਅਦ ਗੁਪਤ ਜਾਣਕਾਰੀ ਪ੍ਰਾਪਤ ਹੋਈ।
ਮੁਕਾਬਲੇ ਤੋਂ ਬਾਅਦ 5 ਸ਼ੂਟਰ ਕਾਬੂ
ਵਜੀਰਪੁਰ, ਪਟੌਦੀ ਰੋਡ ‘ਤੇ ਪੁਲਸ ਨੇ ਟ੍ਰੈਪ ਲਗਾ ਕੇ ਬਿਨਾਂ ਨੰਬਰ ਪਲੇਟ ਵਾਲੀ ਇਨੋਵਾ ਵਿੱਚ ਸਵਾਰ ਪੰਜ ਸ਼ਾਰਪ ਸ਼ੂਟਰਾਂ ਨੂੰ ਘੇਰਿਆ। ਰੋਕਣ ਦੀ ਕੋਸ਼ਿਸ਼ ਦੌਰਾਨ ਹਥਿਆਰਬੰਦ ਬਦਮਾਸ਼ਾਂ ਨੇ ਪੁਲਸ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਚਾਰ ਬਦਮਾਸ਼ਾਂ ਦੇ ਪੈਰਾਂ ‘ਚ ਗੋਲੀਆਂ ਲੱਗੀਆਂ, ਜਦਕਿ ਪੰਜਵੇਂ ਨੂੰ ਪੁਲਸ ਨੇ ਸੁਰੱਖਿਅਤ ਢੰਗ ਨਾਲ ਕਾਬੂ ਕਰ ਲਿਆ।
ਗ੍ਰਿਫ਼ਤਾਰ ਬਦਮਾਸ਼ਾਂ ਦੀ ਪਛਾਣ
ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਝੱਜਰ ਦੇ ਵਿਨੋਦ ਪਹਿਲਵਾਨ, ਸੋਨੀਪਤ ਦੇ ਪਦਮ ਉਰਫ਼ ਰਾਜਾ, ਸ਼ੁਭਮ ਉਰਫ਼ ਕਾਲਾ, ਗੌਤਮ ਉਰਫ਼ ਗੋਗੀ ਅਤੇ ਆਸ਼ੀਸ਼ ਉਰਫ਼ ਆਸ਼ੂ ਵਜੋਂ ਕੀਤੀ ਹੈ। ਇਹ ਸਾਰੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਰੋਹਿਤ ਸਿਰਧਾਨੀਆ ਅਤੇ ਦੀਪਕ ਨਾਂਦਲ ਲਈ ਕੰਮ ਕਰਦੇ ਸਨ।
ਹਸਪਤਾਲ ਵਿੱਚ ਦਾਖ਼ਲ, ਹਥਿਆਰ ਬਰਾਮਦ
ਜਖ਼ਮੀ ਚਾਰਾਂ ਬਦਮਾਸ਼ਾਂ ਨੂੰ ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਹੈ।