ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਵਾਲਾ ਹੈ? ਭਰਤੀ ਕਮੇਟੀ ਨੇ SGPC ਤੋਂ ਮੰਗੀ ਇਜਲਾਸ ਦੀ ਇਜਾਜ਼ਤ
ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣਨ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ‘ਤੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਭਰਤੀ ਕਮੇਟੀ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਹੋਣ ਦੀ ਸੰਭਾਵਨਾ ਹੈ।
11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋ ਸਕਦੀ ਹੈ ਨਵੇਂ ਪ੍ਰਧਾਨ ਦੀ ਚੋਣ, SGPC ਨੇ ਮਾਮਲਾ ਅਕਾਲ ਤਖ਼ਤ ਸਾਹਿਬ ਕੋਲ ਭੇਜਿਆ
ਦੂਜੇ ਪਾਸੇ, ਐਸਜੀਪੀਸੀ ਨੇ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਭੇਜ ਦਿੱਤਾ ਹੈ। ਇਹ ਕਦਮ ਇਸ ਲਈ ਵੀ ਲਿਆ ਗਿਆ ਹੈ ਤਾਂ ਜੋ ਭਰਤੀ ਕਮੇਟੀ ਅਤੇ ਅਕਾਲੀ ਦਲ ਵਿਚਕਾਰ ਕੋਈ ਨਵਾਂ ਵਿਵਾਦ ਨਾ ਖੜ੍ਹੇ ਹੋਵੇ।
ਅਕਾਲੀ ਦਲ ਅੰਦਰ ਪਹਿਲਾਂ ਵੀ ਮਤਭੇਦ ਸਾਹਮਣੇ ਆ ਚੁੱਕੇ ਹਨ। ਜੇਕਰ ਹੁਣ ਵੀ ਕਿਸੇ ਨਵੇਂ ਵਿਵਾਦ ਨੇ ਜਨਮ ਲਿਆ ਤਾਂ ਇਸਦਾ ਸਿੱਧਾ ਪ੍ਰਭਾਵ ਤਰਨਤਾਰਨ ਦੀ ਜ਼ਿਮਨੀ ਚੋਣ ‘ਤੇ ਪੈ ਸਕਦਾ ਹੈ।
ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਡਾ ਤੇ ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਚੋਣੀ ਪ੍ਰਕਿਰਿਆ ਹੋ ਚੁੱਕੀ ਹੈ ਅਤੇ ਹੁਣ ਜਨਰਲ ਇਜਲਾਸ ਰਾਹੀਂ ਨਵਾਂ ਪ੍ਰਧਾਨ ਚੁਣਿਆ ਜਾਣਾ ਹੈ। ਉਹ ਚਾਹੁੰਦੇ ਹਨ ਕਿ ਇਹ ਇਜਲਾਸ ਐਸਜੀਪੀਸੀ ਦੇ ਮੁੱਖ ਦਫ਼ਤਰ ‘ਚ ਹੋਵੇ।
ਐਸਜੀਪੀਸੀ ਦੇ ਮੈਂਬਰ ਕੁਲਵੰਤ ਸਿੰਘ ਮਨਨ ਨੇ ਵੀ ਪੁਸ਼ਟੀ ਕੀਤੀ ਕਿ ਕਮੇਟੀ ਵੱਲੋਂ ਚਿੱਠੀ ਆਈ ਹੈ ਅਤੇ ਹੁਣ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਕੋਲ ਵਿਚਾਰ ਲਈ ਭੇਜਿਆ ਗਿਆ ਹੈ। ਜਿਹੋ ਜਿਹਾ ਹੁਕਮ ਉਥੋਂ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।