ਚੰਡੀਗੜ੍ਹ :- ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਦੀ ਵੋਟ ਗਿਣਤੀ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ੁਰੂਆਤੀ ਨਤੀਜਿਆਂ ਵਿੱਚ ਵੱਡੀ ਬੜਤ ਬਣਾਈ ਹੋਈ ਹੈ। ਸੂਬੇ ਭਰ ਵਿੱਚ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ।
‘ਆਪ’ ਨੇ ਸਭ ਤੋਂ ਵੱਧ ਸੀਟਾਂ ਕੀਤੀਆਂ ਆਪਣੇ ਨਾਮ
ਹੁਣ ਤੱਕ ਸਾਹਮਣੇ ਆਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ 89 ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਹੈ, ਜਦਕਿ ਪਾਰਟੀ ਦੇ ਉਮੀਦਵਾਰ 78 ਹੋਰ ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਨਤੀਜਿਆਂ ਨੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਕਈ ਥਾਵਾਂ ’ਤੇ ਜਸ਼ਨ ਮਨਾਏ ਜਾ ਰਹੇ ਹਨ।
ਆਜ਼ਾਦ ਉਮੀਦਵਾਰਾਂ ਨੇ ਵੀ ਦਿਖਾਇਆ ਪ੍ਰਭਾਵ
ਆਜ਼ਾਦ ਉਮੀਦਵਾਰਾਂ ਨੇ ਵੀ ਕਾਫ਼ੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ 23 ਆਜ਼ਾਦ ਉਮੀਦਵਾਰ ਜਿੱਤ ਹਾਸਲ ਕਰ ਚੁੱਕੇ ਹਨ, ਜਦਕਿ 33 ਹੋਰ ਸੀਟਾਂ ’ਤੇ ਉਹ ਅੱਗੇ ਚੱਲ ਰਹੇ ਹਨ। ਇਸ ਕਾਰਨ ਆਜ਼ਾਦ ਉਮੀਦਵਾਰ ਸਿਆਸੀ ਪਾਰਟੀਆਂ ਤੋਂ ਬਾਅਦ ਇੱਕ ਮਜ਼ਬੂਤ ਧੜੇ ਵਜੋਂ ਉਭਰਦੇ ਨਜ਼ਰ ਆ ਰਹੇ ਹਨ।
ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਕੜੀ ਟੱਕਰ
ਸ਼੍ਰੋਮਣੀ ਅਕਾਲੀ ਦਲ ਦੇ 25 ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ ਅਤੇ ਪਾਰਟੀ 23 ਹੋਰ ਸੀਟਾਂ ’ਤੇ ਅੱਗੇ ਹੈ। ਦੂਜੇ ਪਾਸੇ ਕਾਂਗਰਸ ਨੇ ਹੁਣ ਤੱਕ 16 ਸੀਟਾਂ ਜਿੱਤੀਆਂ ਹਨ, ਜਦਕਿ 25 ਸੀਟਾਂ ’ਤੇ ਉਸਦੇ ਉਮੀਦਵਾਰ ਬੜਤ ਬਣਾਈ ਹੋਈ ਹੈ। ਭਾਜਪਾ ਨੇ ਦੋ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ 11 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਬਸਪਾ ਇੱਕ ਸੀਟ ’ਤੇ ਲੀਡ ਕਰ ਰਹੀ ਹੈ।
115 ਗਿਣਤੀ ਕੇਂਦਰਾਂ ’ਤੇ ਜਾਰੀ ਹੈ ਪ੍ਰਕਿਰਿਆ
ਚੋਣ ਕਮਿਸ਼ਨ ਵੱਲੋਂ ਸੂਬੇ ਭਰ ਵਿੱਚ ਕੁੱਲ 115 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਹਰ ਕੇਂਦਰ ’ਤੇ ਪੁਲਸ ਅਤੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਸੁਰੱਖਿਆ ਜ਼ੋਨ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।

