ਚੰਡੀਗੜ੍ਹ :- ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਵੇਰੇ 8 ਵਜੇ ਤੋਂ ਜਾਰੀ ਵੋਟਾਂ ਦੀ ਗਿਣਤੀ ਦੌਰਾਨ ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਮਜ਼ਬੂਤ ਪਕੜ ਬਣਾਈ ਹੋਈ ਹੈ। ਸੂਬੇ ਭਰ ਦੇ ਗਿਣਤੀ ਕੇਂਦਰਾਂ ’ਤੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
‘ਆਪ’ ਨੇ ਜਿੱਤੀਆਂ 78 ਸੀਟਾਂ, ਕਈ ਥਾਵਾਂ ’ਤੇ ਲੀਡ ਜਾਰੀ
ਹੁਣ ਤੱਕ ਸਾਹਮਣੇ ਆਏ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ 78 ਸੀਟਾਂ ’ਤੇ ਜਿੱਤ ਦਰਜ ਕਰ ਚੁੱਕੀ ਹੈ, ਜਦਕਿ 44 ਹੋਰ ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਚੋਣ ਨਤੀਜਿਆਂ ਵਿੱਚ ਪਾਰਟੀ ਦੀ ਮਜ਼ਬੂਤ ਸਥਿਤੀ ਕਾਰਨ ‘ਆਪ’ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਵੀ ਟੱਕਰ
ਸ਼ੁਰੂਆਤੀ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਨਜ਼ਰ ਆ ਰਿਹਾ ਹੈ। ਪਾਰਟੀ ਨੇ ਹੁਣ ਤੱਕ 19 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਅਤੇ ਇੰਨੀ ਹੀ ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰਾਂ ਨੇ ਵੀ ਕਈ ਥਾਵਾਂ ’ਤੇ ਵਧੀਆ ਪ੍ਰਦਰਸ਼ਨ ਕਰਦਿਆਂ 17 ਸੀਟਾਂ ਆਪਣੇ ਨਾਮ ਕੀਤੀਆਂ ਹਨ। ਇਸ ਤੋਂ ਇਲਾਵਾ 11 ਆਜ਼ਾਦ ਉਮੀਦਵਾਰ ਵੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ।
ਹਰਿਆਣਾ ਨਗਰ ਕੌਂਸਲ ਵਿੱਚ ਵੀ ‘ਆਪ’ ਦੀ ਜਿੱਤ
ਹਰਿਆਣਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸਫਲਤਾ ਮਿਲੀ ਹੈ। ਵਾਰਡ ਨੰਬਰ 1 ਤੋਂ ਪਾਰਟੀ ਦੀ ਉਮੀਦਵਾਰ ਆਸ਼ਾ ਕੁਮਾਰੀ ਨੇ 212 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 3 ਤੋਂ ਬਾਵਨਾ ਵੀ ਜੇਤੂ ਐਲਾਨੀ ਗਈ ਹੈ।
ਦੁਪਹਿਰ ਤੱਕ ਹੋਰ ਨਤੀਜੇ ਆਉਣ ਦੀ ਸੰਭਾਵਨਾ
ਚੋਣ ਅਧਿਕਾਰੀਆਂ ਮੁਤਾਬਕ ਗਿਣਤੀ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ ਅਤੇ ਦੁਪਹਿਰ ਤੱਕ ਕਈ ਹੋਰ ਨਤੀਜੇ ਸਪਸ਼ਟ ਹੋ ਜਾਣਗੇ। ਸੂਬੇ ਦੀ ਸਿਆਸੀ ਤਸਵੀਰ ਨੂੰ ਲੈ ਕੇ ਸਾਰੇ ਦਲਾਂ ਦੀ ਨਜ਼ਰ ਹੁਣ ਅਗਲੇ ਕੁਝ ਘੰਟਿਆਂ ’ਤੇ ਟਿਕੀ ਹੋਈ ਹੈ।

