ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਵਾਇਰਲ ਬਿਆਨ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਵੜਿੰਗ ਵੱਲੋਂ ਵਰਤੀ ਗਈ ਭਾਸ਼ਾ ਅਨੁਸੂਚਿਤ ਜਾਤੀ ਅਤੇ ਗਰੀਬ ਵਰਗ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਅਤੇ ਇਹ ਬਿਆਨ ਕਾਂਗਰਸ ਦੀ ਸੋਚ ਨੂੰ ਬੇਨਕਾਬ ਕਰਦਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਹ ਸਿਰਫ਼ ਸਿਆਸੀ ਟਿੱਪਣੀ ਨਹੀਂ, ਸਗੋਂ ਜਾਤੀਗਤ ਹੰਕਾਰ ਦੀ ਝਲਕ ਹੈ
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਕੁਝ ਆਗੂ ਪਹਿਲਾਂ ਵੀ ਦਲਿਤ ਸਮਾਜ ਨਾਲ ਜੁੜੇ ਮਾਮਲਿਆਂ ਵਿੱਚ ਵਿਵਾਦਿਤ ਬਿਆਨ ਦਿੰਦੇ ਰਹੇ ਹਨ ਅਤੇ ਰਾਜਾ ਵੜਿੰਗ ਦੀ ਤਾਜ਼ਾ ਟਿੱਪਣੀ ਵੀ ਉਸੇ ਮਨੋਵਿਰਤੀ ਨੂੰ ਦਰਸਾਉਂਦੀ ਹੈ।
ਆਰ.ਪੀ. ਸਿੰਘ ਨੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਵੀ ਘੇਰਿਆ
ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਅਤੇ ਬਰਾਬਰੀ ਦੀ ਗੱਲ ਕਰਨ ਵਾਲੇ ਕਾਂਗਰਸ ਦੇ ਵੱਡੇ ਆਗੂ ਇਸ ਮਾਮਲੇ ‘ਤੇ ਚੁੱਪ ਕਿਉਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਂਗਰਸ ਹਾਈਕਮਾਨ ਰਾਜਾ ਵੜਿੰਗ ਖ਼ਿਲਾਫ਼ ਕੋਈ ਕਾਰਵਾਈ ਕਰੇਗੀ ਜਾਂ ਫਿਰ ਇਸ ਮਾਮਲੇ ‘ਤੇ ਚੁੱਪੀ ਹੀ ਬਣਾਈ ਰੱਖੇਗੀ।
ਭਾਜਪਾ ਨੇ ਦਲਿਤ ਸਮਾਜ ਦੇ ਸਨਮਾਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੰਜਾਬ ਦਾ ਦਲਿਤ ਭਾਈਚਾਰਾ ਸੂਬੇ ਦੀ ਤਰੱਕੀ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਰ.ਪੀ. ਸਿੰਘ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਕੇਵਲ ਵੋਟਾਂ ਦੀ ਰਾਜਨੀਤੀ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਰਾਜਾ ਵੜਿੰਗ ਆਪਣੇ ਬਿਆਨ ਲਈ ਜਨਤਕ ਤੌਰ ‘ਤੇ ਮਾਫ਼ੀ ਮੰਗਣ ਤਾਂ ਜੋ ਲੋਕਾਂ ਵਿਚ ਗਿਆ ਗਲਤ ਸੰਦੇਸ਼ ਦੂਰ ਹੋ ਸਕੇ।

