ਨਵੀਂ ਦਿੱਲੀ :- ਕੈਥੋਲਿਕ ਚਰਚ ਦੇ ਮੁਖੀ Pope Leo XIV ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਏਆਈ ਨੂੰ ਸਮੇਂ ਸਿਰ ਨਿਯਮਾਂ ਦੇ ਘੇਰੇ ਵਿੱਚ ਨਾ ਲਿਆਂਦਾ ਗਿਆ ਤਾਂ ਇਹ ਮਨੁੱਖਤਾ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਪੋਪ ਨੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਤਕਨੀਕੀ ਕੰਪਨੀਆਂ ਨੂੰ ਅਪੀਲ ਕੀਤੀ ਕਿ ਏਆਈ ਦੀ ਵਰਤੋਂ ‘ਤੇ ਸਖ਼ਤ ਨਿਗਰਾਨੀ ਅਤੇ ਨਿਯਮ ਲਾਗੂ ਕੀਤੇ ਜਾਣ।
“ਤਕਨਾਲੋਜੀ ਮਨੁੱਖ ‘ਤੇ ਹਾਵੀ ਨਹੀਂ ਹੋਣੀ ਚਾਹੀਦੀ”
ਪੋਪ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਏਆਈ ਨੂੰ “ਨਿਹੱਥਾ” ਕਰਨ ਦਾ ਮਤਲਬ ਤਕਨਾਲੋਜੀ ਦਾ ਵਿਰੋਧ ਕਰਨਾ ਨਹੀਂ, ਸਗੋਂ ਇਸਨੂੰ ਮਨੁੱਖੀ ਕਾਬੂ ਹੇਠ ਰੱਖਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਤਕਨਾਲੋਜੀ ਇੰਨੀ ਤਾਕਤਵਰ ਨਹੀਂ ਹੋਣੀ ਚਾਹੀਦੀ ਕਿ ਉਹ ਮਨੁੱਖੀ ਸੋਚ ਅਤੇ ਸਮਾਜਕ ਮੁੱਲਾਂ ‘ਤੇ ਹਾਵੀ ਹੋ ਜਾਵੇ।
ਨਵੇਂ ਵਿਸ਼ਵਕੋਸ਼ ਵਿੱਚ ਮਨੁੱਖੀ ਕੇਂਦਰਿਤ ਏਆਈ ‘ਤੇ ਜ਼ੋਰ
ਆਪਣੇ ਨਵੇਂ ਵਿਸ਼ਵਕੋਸ਼ “ਮੈਗਨੀਫਿਕਾ ਹਿਊਮਨਿਟਾਸ” ਵਿੱਚ ਪੋਪ ਨੇ ਕਿਹਾ ਕਿ ਏਆਈ ਦੀ ਵਰਤੋਂ ਸਿਰਫ਼ ਰਾਜਨੀਤਿਕ ਲਾਭ, ਆਰਥਿਕ ਮੁਨਾਫ਼ੇ ਜਾਂ ਜੰਗੀ ਮਕਸਦਾਂ ਲਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਦਾ ਕੇਂਦਰ ਮਨੁੱਖੀ ਭਲਾਈ ਹੋਣਾ ਲਾਜ਼ਮੀ ਹੈ ਅਤੇ ਇਸਨੂੰ ਸਮਾਜ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਜੰਗ ਵਿੱਚ ਏਆਈ ਦੀ ਵਰਤੋਂ ‘ਤੇ ਵੱਡੀ ਚਿੰਤਾ
70 ਸਾਲਾ ਪੋਪ, ਜੋ ਪਹਿਲਾਂ ਗਣਿਤ ਵਿਦਵਾਨ ਰਹਿ ਚੁੱਕੇ ਹਨ, ਨੇ ਖਾਸ ਤੌਰ ‘ਤੇ ਯੁੱਧਾਂ ਵਿੱਚ ਏਆਈ ਦੀ ਭੂਮਿਕਾ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕੋਈ ਵੀ ਐਲਗੋਰਿਦਮ ਜੰਗ ਨੂੰ ਨੈਤਿਕ ਨਹੀਂ ਬਣਾ ਸਕਦਾ। ਉਨ੍ਹਾਂ ਦੇ ਮਤਾਬਕ ਏਆਈ ਨਾਲ ਲੈਸ ਯੁੱਧ ਹੋਰ ਵੱਧ ਖ਼ਤਰਨਾਕ, ਬੇਰਹਿਮ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਹੋ ਸਕਦੇ ਹਨ।
ਘਰੇਲੂ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹੋ ਸਕਦੀ ਹੈ ਵਰਤੋਂ
ਪੋਪ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕੁਝ ਦੇਸ਼ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਟਕਰਾਅ ਅਤੇ ਜੰਗ ਦਾ ਰਸਤਾ ਅਪਣਾ ਸਕਦੇ ਹਨ, ਜਿੱਥੇ ਏਆਈ ਇੱਕ ਖ਼ਤਰਨਾਕ ਸਾਧਨ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਤਕਨਾਲੋਜੀ ਦੇ ਵਿਕਾਸ ਨਾਲ ਨਾਲ ਉਸਦੇ ਨੈਤਿਕ ਪ੍ਰਭਾਵਾਂ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

