ਦੀਨਾਨਗਰ :- ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਰਾਵੀ ਦਰਿਆ ਤੋਂ ਪਾਰ ਸੱਤ ਪਿੰਡਾਂ ਵਿੱਚ ਪਾਣੀ ਦਾਖ਼ਲ
ਮਕੌੜਾ ਪੱਤਣ ਦੇ ਕੋਲ ਰਾਵੀ ਦਰਿਆ ਚੜ੍ਹਾਉ ‘ਤੇ ਹੈ ਅਤੇ ਇਸ ਦੇ ਪਾਰ ਵਸਦੇ ਸੱਤ ਪਿੰਡਾਂ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ। ਇਨ੍ਹਾਂ ਪਿੰਡਾਂ ਵਿੱਚ ਕਈ ਲੋਕ ਘਰਾਂ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਉਡੀਕ ਜਾਰੀ ਹੈ।
ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਵੀ ਪਾਣੀ ਭਰਿਆ
ਰਾਵੀ ਦਰਿਆ ਨਾਲ ਲੱਗਦੇ ਮਕੋੜਾ, ਚੱਕ ਸਹਾਏ, ਰਾਮਪੁਰ, ਕਾਹਨਾ, ਜਾਗੋਚੱਕ ਅਤੇ ਟਾਡਾ ਆਦਿ ਪਿੰਡਾਂ ਵਿੱਚ ਪਾਣੀ ਘਰਾਂ ਤੱਕ ਦਾਖ਼ਲ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਹਿਣ ਲਈ ਸੁਰੱਖਿਅਤ ਥਾਂ ਨਹੀਂ ਬਚੀ ਅਤੇ ਘਰਾਂ ਅੰਦਰ ਵੀ ਰਹਿਣਾ ਮੁਸ਼ਕਲ ਹੋ ਗਿਆ ਹੈ।
10 ਪਿੰਡ ਹੜ੍ਹ ਦੇ ਵੱਡੇ ਖ਼ਤਰੇ ਹੇਠ
ਰਾਵੀ ਦਰਿਆ ਦੇ ਪਾਰ ਅਤੇ ਦਰਿਆ ਨਾਲ ਲੱਗਦੇ ਕੁੱਲ ਮਿਲਾ ਕੇ 10 ਪਿੰਡ ਹੜ੍ਹ ਦੇ ਗੰਭੀਰ ਖ਼ਤਰੇ ਹੇਠ ਹਨ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਹਾਲਾਤ ਹੋਰ ਵੀ ਬਿਗੜ ਸਕਦੇ ਹਨ।
ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ
ਪਿੰਡ ਵਾਸੀਆਂ ਨੇ ਦੱਸਿਆ ਕਿ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਪਾਣੀ ਦੇ ਵਧਦੇ ਪੱਧਰ ਕਾਰਨ ਨਾ ਸਿਰਫ਼ ਲੋਕ, ਸਗੋਂ ਉਨ੍ਹਾਂ ਦੇ ਪਸ਼ੂ ਵੀ ਫਸੇ ਹੋਏ ਹਨ।
ਲੋਕਾਂ ਦੀ ਪ੍ਰਸ਼ਾਸਨ ਨੂੰ ਅਪੀਲ
ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਰਾਹਤ ਟੀਮਾਂ ਜਲਦੀ ਨਹੀਂ ਪਹੁੰਚੀਆਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ।