ਤਪਾ ਮੰਡੀ :- ਐਤਵਾਰ ਸ਼ਾਮ ਤੋਂ ਲਗਾਤਾਰ ਪੈ ਰਹੀ ਭਾਰੀ ਵਰਖਾ ਕਾਰਨ ਬਾਜੀਗਰ ਬਸਤੀ ਤਪਾ ਵਿੱਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਢਹਿ ਗਈ। ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਘਰ ਦਾ ਸਾਰਾ ਘਰੇਲੂ ਸਮਾਨ ਮਲਬੇ ਹੇਠਾਂ ਦੱਬ ਗਿਆ।
ਲੱਖਾਂ ਦਾ ਨੁਕਸਾਨ, ਪਰਿਵਾਰ ਬੇਸਹਾਰਾ
ਪਰਿਵਾਰ ਦੇ ਮੁੱਖੀ ਗੰਗਾ ਰਾਮ ਨੇ ਦੱਸਿਆ ਕਿ ਮਲਬੇ ਹੇਠਾਂ ਪੇਟੀ, ਡਬਲ ਬੈੱਡ, ਪੱਖਾ, ਕੂਲਰ ਅਤੇ ਕੱਪੜੇ ਸਮੇਤ ਹੋਰ ਕੀਮਤੀ ਸਮਾਨ ਦੱਬਣ ਕਾਰਨ ਲਗਭਗ ਲੱਖ ਰੁਪਏ ਦਾ ਨੁਕਸਾਨ ਹੋਇਆ। ਹਾਦਸੇ ਦੇ ਸਮੇਂ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਹੀ ਮੌਜੂਦ ਸੀ, ਪਰ ਸਮੇਂ ਸਿਰ ਬਾਹਰ ਨਿਕਲ ਕੇ ਜਾਨ ਬਚਾਈ।
ਗੁਆਂਡੀਆਂ ਨੇ ਕੀਤੀ ਤੁਰੰਤ ਮਦਦ
ਛੱਤ ਡਿੱਗਣ ਦੀ ਖ਼ਬਰ ਮਿਲਣ ‘ਤੇ ਗੁਆਂਡੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਵੇਲੇ ਪਰਿਵਾਰ ਕੋਲ ਆਪਣਾ ਠਿਕਾਣਾ ਨਹੀਂ ਹੈ ਅਤੇ ਉਹ ਗੁਆਂਢੀਆਂ ਦੇ ਘਰ ਵਿੱਚ ਹੀ ਰਹਿ ਕੇ ਰੋਟੀ-ਪਾਣੀ ਦਾ ਪ੍ਰਬੰਧ ਕਰ ਰਹੇ ਹਨ।
ਪ੍ਰਸ਼ਾਸਨ ਤੋਂ ਮਦਦ ਦੀ ਅਪੀਲ
ਮੌਕੇ ‘ਤੇ ਮੌਜੂਦ ਅਮਨਦੀਪ ਸਿੰਘ, ਬੋਘਾ ਸਿੰਘ, ਸੀਮਾ ਕੌਰ, ਜੋਤੀ ਕੌਰ ਆਦਿ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਤਾਂ ਜੋ ਪਰਿਵਾਰ ਮੁੜ ਆਪਣੀ ਛੱਤ ਹੇਠਾਂ ਰਹਿਣ ਦੇ ਯੋਗ ਹੋ ਸਕੇ।