ਲੁਧਿਆਣਾ :- ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਅਗਵਾ ਕੀਤੀ ਗਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦੀ ਲਾਸ਼ ਨੀਲੋਂ ਨਹਿਰ ਵਿਚੋਂ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਅਤੇ ਸਦਮੇ ਦਾ ਮਾਹੌਲ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਮਰਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਰਾਸ਼ਨ ਲੈਣ ਘਰੋਂ ਨਿਕਲੀ, ਮੁੜ ਵਾਪਸ ਨਾ ਆਈ
ਪਰਿਵਾਰਕ ਮੈਂਬਰਾਂ ਮੁਤਾਬਕ 13 ਮਈ ਦੀ ਰਾਤ ਇੰਦਰ ਕੌਰ ਆਪਣੀ ਫੋਰਡ ਫਿਗੋ ਕਾਰ ਵਿੱਚ ਘਰ ਦਾ ਸਮਾਨ ਲੈਣ ਲਈ ਨਿਕਲੀ ਸੀ, ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਕਾਫੀ ਭਾਲ ਦੇ ਬਾਵਜੂਦ ਜਦੋਂ ਕੋਈ ਜਾਣਕਾਰੀ ਨਾ ਮਿਲੀ ਤਾਂ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਦੋਸਤੀ ਤੋਂ ਰੰਜਿਸ਼ ਤੱਕ ਪਹੁੰਚਿਆ ਮਾਮਲਾ
ਮ੍ਰਿਤਕਾ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਇੰਦਰ ਕੌਰ ਦੀ ਜਾਣ-ਪਛਾਣ ਮੋਗਾ ਦੇ ਪਿੰਡ ਭਲੂਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਸੀ। ਦੋਸ਼ ਹੈ ਕਿ ਸੁਖਵਿੰਦਰ ਉਸ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ, ਪਰ ਇੰਦਰ ਕੌਰ ਵੱਲੋਂ ਇਨਕਾਰ ਕਰਨ ਤੋਂ ਬਾਅਦ ਉਸ ਨੇ ਰੰਜਿਸ਼ ਰੱਖ ਲਈ ਸੀ।
ਕੈਨੇਡਾ ਤੋਂ ਆ ਕੇ ਰਚੀ ਸਾਜ਼ਿਸ਼
ਪਰਿਵਾਰ ਦਾ ਦਾਅਵਾ ਹੈ ਕਿ ਮੁੱਖ ਦੋਸ਼ੀ ਖਾਸ ਤੌਰ ‘ਤੇ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਸਤੌਲ ਦੀ ਨੋਕ ‘ਤੇ ਗਾਇਕਾ ਨੂੰ ਅਗਵਾ ਕਰ ਲਿਆ। ਬਾਅਦ ਵਿੱਚ ਉਸ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ।
ਵਾਰਦਾਤ ਤੋਂ ਬਾਅਦ ਮੁੱਖ ਦੋਸ਼ੀ ਮੁੜ ਕੈਨੇਡਾ ਫਰਾਰ
ਕਤਲ ਤੋਂ ਬਾਅਦ ਮੁੱਖ ਦੋਸ਼ੀ ਦੇ ਮੁੜ ਕੈਨੇਡਾ ਭੱਜ ਜਾਣ ਦੀ ਗੱਲ ਸਾਹਮਣੇ ਆਈ ਹੈ। ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਮੁਲਜ਼ਮ ਦੇਸ਼ ਛੱਡਣ ਵਿੱਚ ਕਾਮਯਾਬ ਰਿਹਾ।
ਕੱਪੜਿਆਂ ਅਤੇ ਹੁਲੀਏ ਤੋਂ ਹੋਈ ਪਛਾਣ
ਥਾਣਾ ਜਮਾਲਪੁਰ ਦੇ ਐੱਸਐੱਚਓ ਬਲਬੀਰ ਸਿੰਘ ਮੁਤਾਬਕ ਨਹਿਰ ਵਿਚੋਂ ਮਿਲੀ ਲਾਸ਼ ਦੀ ਪਛਾਣ ਕੱਪੜਿਆਂ ਅਤੇ ਹੁਲੀਏ ਦੇ ਆਧਾਰ ‘ਤੇ ਕੀਤੀ ਗਈ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁੱਖ ਦੋਸ਼ੀ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

