ਤਰਨ ਤਾਰਨ :- ਤਰਨ ਤਾਰਨ ਦੇ ਪਿੰਡ ਜੋਧਪੁਰ ਦੇਨੇ ਵਿੱਚ ਇੱਕ ਦਿਲ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਮੰਗ ਅਤੇ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ 17 ਸਾਲਾ ਨਾਬਾਲਗ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਏਕਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
ਨਸ਼ੇ ਦੀ ਮੰਗ ਨੂੰ ਲੈ ਕੇ ਹੋਇਆ ਸੀ ਵਿਵਾਦ
ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਰਹਿਣ ਵਾਲੇ ਗਿੰਦਰ ਸਿੰਘ ਨਾਮਕ ਵਿਅਕਤੀ ਨੇ ਕੁਝ ਦਿਨ ਪਹਿਲਾਂ ਏਕਨੂਰ ਕੋਲੋਂ ਨਸ਼ੇ ਦੀ ਮੰਗ ਕੀਤੀ ਸੀ। ਜਦੋਂ ਨੌਜਵਾਨ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਉਸ ਕੋਲ ਮੌਜੂਦ 200 ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ। ਏਕਨੂਰ ਵੱਲੋਂ ਵਿਰੋਧ ਕਰਨ ‘ਤੇ ਮਾਮਲਾ ਹਿੰਸਕ ਰੂਪ ਧਾਰ ਗਿਆ।
ਕਿਰਚਾਂ ਨਾਲ ਕੀਤਾ ਹਮਲਾ, ਹਸਪਤਾਲ ‘ਚ ਤੋੜਿਆ ਦਮ
ਦੋਸ਼ ਹੈ ਕਿ ਗਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਏਕਨੂਰ ‘ਤੇ ਕਿਰਚ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਏਕਨੂਰ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਤਮ ਛਾ ਗਿਆ ਹੈ। ਮਾਂ, ਪਿਤਾ, ਦਾਦਾ, ਛੋਟੇ ਭਰਾ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁੱਤ ਦੀ ਮੌਤ ਦੇ ਸਦਮੇ ਕਾਰਨ ਮਾਂ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਆਰਥਿਕ ਤੌਰ ‘ਤੇ ਕਾਫ਼ੀ ਕਮਜ਼ੋਰ ਹੈ ਅਤੇ ਮ੍ਰਿਤਕ ਘਰ ਦਾ ਸਹਾਰਾ ਬਣਨ ਦੀ ਉਮੀਦ ਸੀ।
ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮ ਦੀ ਭਾਲ ਜਾਰੀ
ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਫਰਾਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰਿਵਾਰ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ।

