ਲੁਧਿਆਣਾ :- ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਚਾਰ ਨਾਮੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕਿਆਂ ਦੀ ਧਮਕੀ ਮਿਲੀ। ਧਮਕੀ ਭਰੇ ਸੁਨੇਹੇ ਵਿੱਚ ਨਾ ਸਿਰਫ਼ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ, ਸਗੋਂ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਅਤੇ ਧੂਰੀ-ਦਿੱਲੀ ਰੇਲਵੇ ਲਾਈਨ ਨੂੰ ਵੀ ਉਡਾਉਣ ਦੀ ਚੇਤਾਵਨੀ ਦਿੱਤੀ ਗਈ।
ਚਾਰ ਮਸ਼ਹੂਰ ਸਕੂਲਾਂ ਦੇ ਨਾਮ ਆਏ ਸਾਹਮਣੇ
ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਵਿੱਚ ਦੁੱਗਰੀ ਇਲਾਕੇ ਦਾ ਬਾਲ ਭਾਰਤੀ ਸਕੂਲ, ਡੀਏਵੀ ਸਕੂਲ, ਸੈਕਰਡ ਹਾਰਟ ਸਕੂਲ ਅਤੇ ਦਿ ਏਸ਼ੀਅਨ ਸਕੂਲ ਸ਼ਾਮਲ ਹਨ। ਈ-ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਦਿੱਤੀ।
ਸਕੂਲ ਖਾਲੀ ਕਰਵਾ ਕੇ ਚਲਾਈ ਗਈ ਤਲਾਸ਼ੀ ਮੁਹਿੰਮ
ਸੂਚਨਾ ਮਿਲਦਿਆਂ ਹੀ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ਖਾਲੀ ਕਰਵਾ ਕੇ ਹਰ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ।
ਹਲਵਾਰਾ ਏਅਰਪੋਰਟ ਅਤੇ ਰੇਲਵੇ ਟਰੈਕ ਵੀ ਅਲਰਟ ‘ਤੇ
ਧਮਕੀ ਭਰੇ ਈ-ਮੇਲ ਵਿੱਚ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਵਿੱਚ ਧਮਾਕਾ ਕਰਨ ਅਤੇ ਧੂਰੀ ਤੋਂ ਦਿੱਲੀ ਜਾਣ ਵਾਲੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਲਿਖੀ ਗਈ ਸੀ। ਇਸ ਤੋਂ ਬਾਅਦ ਏਅਰਪੋਰਟ ਸੁਰੱਖਿਆ ਬਲਾਂ ਅਤੇ ਰੇਲਵੇ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।
ਸਾਈਬਰ ਸੈੱਲ ਕਰ ਰਹੀ ਈ-ਮੇਲ ਦੀ ਜਾਂਚ
ਪੁਲਿਸ ਵੱਲੋਂ ਧਮਕੀ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਈਬਰ ਸੈੱਲ ਦੀ ਮਦਦ ਨਾਲ ਈ-ਮੇਲ ਦੇ ਸਰੋਤ, ਆਈਪੀ ਐਡਰੈੱਸ ਅਤੇ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ- ਮਾਮਲੇ ਨੂੰ ਗੰਭੀਰਤਾ ਨਾਲ ਲਿਆ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ ਅਤੇ ਹਰ ਪੱਖ ਤੋਂ ਜਾਂਚ ਜਾਰੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੀ ਬਰਾਮਦਗੀ ਦੀ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਸਖ਼ਤ ਕਰ ਦਿੱਤੇ ਗਏ ਹਨ।

