ਜਲੰਧਰ :- ਜਲੰਧਰ ਦੇ ਸਰਜੀਕਲ ਕੰਪਲੈਕਸ ‘ਚ ਇੱਕ ਫੈਕਟਰੀ ਤੋਂ ਅਮੋਨੀਆ ਗੈਸ ਲੀਕ ਹੋਣ ਦੀ ਸੁਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ 30 ਮਜ਼ਦੂਰ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।
ਫੈਕਟਰੀ ਅੰਦਰੋਂ ਮਜ਼ਦੂਰਾਂ ਨੂੰ ਬਚਾਉਣ ਦੀ ਕਾਰਵਾਈ ਜਾਰੀ
ਜਾਣਕਾਰੀ ਅਨੁਸਾਰ, ਇਹ ਘਟਨਾ ਜਲੰਧਰ ਦੇ ਪੱਛਮੀ ਹਲਕੇ ਵਿੱਚ ਸਥਿਤ ਮੈਟਰੋ ਮਿਲਕ ਆਫ ਸਰਜੀਕਲ ਕੰਪਲੈਕਸ ‘ਚ ਵਾਪਰੀ। ਗੈਸ ਲੀਕ ਦੇ ਨਾਲ ਹੀ ਮਜ਼ਦੂਰਾਂ ਵਿੱਚ ਦਹਿਸ਼ਤ ਫੈਲ ਗਈ। ਪ੍ਰਸ਼ਾਸਨ ਵੱਲੋਂ ਕਰੇਨ ਦੀ ਮਦਦ ਨਾਲ ਕੰਧ ਤੋੜ ਕੇ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਵੀ ਵਾਪਰੀ ਸੀ ਅਜਿਹੀ ਘਟਨਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਲੰਧਰ ਦੇ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ ਵਿੱਚ ਵੀ ਅਮੋਨੀਆ ਗੈਸ ਲੀਕ ਹੋਈ ਸੀ, ਜਿਸ ਵਿੱਚ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ।
ਕੀ ਹੈ ਅਮੋਨੀਆ ਗੈਸ?
ਅਮੋਨੀਆ ਇੱਕ ਤੇਜ਼ ਗੰਧ ਵਾਲੀ ਰੰਗਹੀਣ ਅਤੇ ਹਲਕੀ ਗੈਸ ਹੈ, ਜੋ ਪਾਣੀ ਨਾਲ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੀ ਹੈ। ਇਸਦੀ ਵਰਤੋਂ ਜ਼ਿਆਦਾਤਰ ਰਸਾਇਣਕ ਖਾਦਾਂ ਦੇ ਨਿਰਮਾਣ ਲਈ ਹੁੰਦੀ ਹੈ। ਮੁੱਖ ਤੌਰ ‘ਤੇ ਇਹ ਯੂਰੀਆ, ਅਮੋਨੀਅਮ ਫਾਸਫੇਟ, ਅਮੋਨੀਅਮ ਸਲਫੇਟ, ਅਮੋਨੀਅਮ ਨਾਈਟ੍ਰੇਟ ਅਤੇ ਸੋਡੀਅਮ ਕਾਰਬੋਨੇਟ ਬਣਾਉਣ ਵਿੱਚ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ, ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਇਹ ਕੂਲਿੰਗ ਏਜੰਟ ਵਜੋਂ ਵੀ ਵਰਤੀ ਜਾਂਦੀ ਹੈ। ਘਰੇਲੂ ਤੌਰ ‘ਤੇ ਇਸਦੀ ਵਰਤੋਂ ਕੱਪੜਿਆਂ ਤੋਂ ਤੇਲ ਅਤੇ ਗ੍ਰੀਸ ਦੇ ਧੱਬੇ ਹਟਾਉਣ ਲਈ ਕੀਤੀ ਜਾਂਦੀ ਹੈ।