ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਜੋੜਕੀਆਂ ਤੋਂ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਾਪਤਾ ਹੋਈ 90 ਸਾਲਾ ਬਜ਼ੁਰਗ ਮਹਿਲਾ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਇੱਕ ਘਰ ਅੰਦਰ ਪਏ ਟਰੰਕ ਵਿੱਚੋਂ ਬਰਾਮਦ ਹੋਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਮੁੱਢਲੀ ਜਾਂਚ ਵਿੱਚ ਇਸ ਨੂੰ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਕਤਲ ਮੰਨ ਰਹੀ ਹੈ।
ਮ੍ਰਿਤਕ ਮਹਿਲਾ ਦੀ ਪਛਾਣ ਸੁਖਦੇਵ ਕੌਰ, ਪਤਨੀ ਭਜਨ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਘਰੋਂ ਨਿਕਲੀ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵਾਪਸ ਨਾ ਆਉਣ ਕਾਰਨ ਪਰਿਵਾਰ ਚਿੰਤਤ ਹੋ ਗਿਆ। ਇਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ।
ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਰਾਜ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ। ਫੁਟੇਜ ਵਿੱਚ ਬਜ਼ੁਰਗ ਮਹਿਲਾ ਨੂੰ ਇੱਕ ਗਲੀ ਵੱਲ ਜਾਂਦੇ ਦੇਖਿਆ ਗਿਆ, ਪਰ ਉਹ ਆਪਣੇ ਘਰ ਤੱਕ ਨਹੀਂ ਪਹੁੰਚੀ। ਇਸ ਆਧਾਰ ‘ਤੇ ਪੁਲਿਸ ਨੇ ਰਸਤੇ ਵਿੱਚ ਪੈਂਦੇ ਕੁਝ ਘਰਾਂ ਦੀ ਤਲਾਸ਼ੀ ਸ਼ੁਰੂ ਕੀਤੀ।
ਤਲਾਸ਼ੀ ਦੌਰਾਨ ਪਿੰਡ ਦੇ ਇੱਕ ਘਰ ਅੰਦਰ ਪਏ ਟਰੰਕ ਵਿੱਚੋਂ ਇੱਕ ਬੁਰੀ ਤਰ੍ਹਾਂ ਸੜੀ-ਗਲੀ ਲਾਸ਼ ਬਰਾਮਦ ਹੋਈ। ਬਾਅਦ ਵਿੱਚ ਪਰਿਵਾਰ ਵੱਲੋਂ ਲਾਸ਼ ਦੀ ਪਛਾਣ ਸੁਖਦੇਵ ਕੌਰ ਵਜੋਂ ਕੀਤੀ ਗਈ। ਲਾਸ਼ ਮਿਲਣ ਵੇਲੇ ਉਸਦੇ ਸਰੀਰ ‘ਤੇ ਪਾਏ ਸੋਨੇ ਦੇ ਗਹਿਣੇ ਗਾਇਬ ਸਨ, ਜਿਸ ਕਾਰਨ ਪੁਲਿਸ ਨੂੰ ਲੁੱਟ ਮਗਰੋਂ ਕਤਲ ਹੋਣ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਹੈ।
ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸਬੂਤ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫੋਰੈਂਸਿਕ ਮਾਹਿਰ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਮੌਕੇ ਤੋਂ ਉਂਗਲੀਆਂ ਦੇ ਨਿਸ਼ਾਨਾਂ ਸਮੇਤ ਹੋਰ ਵਿਗਿਆਨਕ ਸਬੂਤ ਇਕੱਠੇ ਕੀਤੇ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜੋੜਕੀਆਂ ਥਾਣੇ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਲਾਸ਼ ਪਿੰਡ ਦੇ ਹੀ ਰਹਿਣ ਵਾਲੇ ਜਗਸੀਰ ਸਿੰਘ ਦੇ ਘਰੋਂ ਮਿਲੀ ਹੈ। ਪੁਲਿਸ ਨੇ ਉਸ ਖ਼ਿਲਾਫ਼ ਕਤਲ ਅਤੇ ਡਕੈਤੀ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿੰਡ ਵਿੱਚ ਸੋਗ ਅਤੇ ਰੋਸ ਦਾ ਮਾਹੌਲ
ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਜੋੜਕੀਆਂ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਘਟਨਾ ਦੀ ਕੜੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਬਜ਼ੁਰਗ ਮਹਿਲਾ ਨਾਲ ਹੋਈ ਇਸ ਬੇਰਹਿਮੀ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ।

