ਚੰਡੀਗੜ੍ਹ :- ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ‘ਤੇ ਹੋਈ ਸੀਬੀਆਈ ਕਾਰਵਾਈ ਮਗਰੋਂ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਵਾਲੀ ਸ਼ਿਕਾਇਤ ਹੁਣ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੀਬੀਆਈ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਦੌਰਾਨ ਵਿਜੀਲੈਂਸ ਦੇ ਰਿਕਾਰਡ ਵਿੱਚ ਅਜਿਹੀ ਕੋਈ ਸ਼ਿਕਾਇਤ ਜਾਂ ਜਾਂਚ ਨਹੀਂ ਮਿਲੀ, ਜਿਸ ਨੂੰ ਬੰਦ ਕਰਨ ਦੇ ਨਾਮ ‘ਤੇ ਰਕਮ ਮੰਗਣ ਦੇ ਦੋਸ਼ ਲਗੇ ਸਨ।
ਪਿਤਾ-ਪੁੱਤਰ ਲਈ ਸੁਰੱਖਿਆ ਦੇਣ ਵਾਲੇ ਕਰਮਚਾਰੀ ਤਲਬ
ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਨੇ ਹੁਣ ਉਹਨਾਂ ਪੁਲਿਸ ਅਤੇ ਹੋਮਗਾਰਡ ਕਰਮਚਾਰੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ, ਜੋ ਦੋਸ਼ੀ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸਦੇ ਪੁੱਤਰ ਰਾਘਵ ਗੋਇਲ ਨੂੰ ਸੁਰੱਖਿਆ ਦੇ ਰਹੇ ਸਨ। ਸਾਰੇ ਕਰਮਚਾਰੀਆਂ ਨੂੰ 15 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਵੇਲੇ ਗ੍ਰਿਫ਼ਤਾਰ ਕੀਤੇ ਗਏ ਪਿਤਾ ਅਤੇ ਪੁੱਤਰ ਸੀਬੀਆਈ ਰਿਮਾਂਡ ‘ਤੇ ਹਨ।
ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ‘ਤੇ ਦਰਜ ਹੋਇਆ ਸੀ ਮਾਮਲਾ
ਸੀਬੀਆਈ ਨੇ ਇਹ ਮਾਮਲਾ ਪੰਜਾਬ ਦੇ ਇੱਕ ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ ਵਿਜੀਲੈਂਸ ਵਿਭਾਗ ਵਿੱਚ ਲੰਬਿਤ ਸ਼ਿਕਾਇਤ ਨੂੰ ਰੱਦ ਕਰਵਾਉਣ ਦੇ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਵਿਅਕਤੀ ਕੁਝ ਉੱਚ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ।
ਮੋਹਾਲੀ ਵਿਜੀਲੈਂਸ ਮੁੱਖ ਦਫ਼ਤਰ ‘ਤੇ ਹੋਈ ਸੀ ਛਾਪੇਮਾਰੀ
ਸੋਮਵਾਰ ਰਾਤ ਸੀਬੀਆਈ ਨੇ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਮੁੱਖ ਦਫ਼ਤਰ ‘ਤੇ ਛਾਪੇਮਾਰੀ ਕੀਤੀ ਸੀ। ਇਸ ਕਾਰਵਾਈ ਦੌਰਾਨ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ ਦੋਸ਼ੀਆਂ ਦੇ ਟਿਕਾਣਿਆਂ ਤੋਂ 9 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਜਾਂਚ ਦੌਰਾਨ ਕੁਝ ਵਟਸਐਪ ਗੱਲਬਾਤਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਦਾ ਕਈ ਵਾਰ ਜ਼ਿਕਰ ਕੀਤਾ ਗਿਆ ਹੈ।
ਹੋਟਲ ‘ਚ ਵਿਛਾਇਆ ਗਿਆ ਸੀ ਜਾਲ
ਸੀਬੀਆਈ ਨੇ 11 ਮਈ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਜਾਲ ਵਿਛਾਇਆ ਸੀ। ਜਾਂਚ ਟੀਮ ਨੇ ਉੱਥੇ ਛਾਪਾ ਮਾਰ ਕੇ ਅੰਕਿਤ ਵਧਵਾ ਨਾਂ ਦੇ ਵਿਅਕਤੀ ਨੂੰ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ।
ਚੰਡੀਗੜ੍ਹ ਤੋਂ ਅੰਬਾਲਾ ਤੱਕ ਕੀਤਾ ਪਿੱਛਾ
ਕਾਰਵਾਈ ਦੀ ਭਣਕ ਲੱਗਦਿਆਂ ਹੀ ਰਾਘਵ ਗੋਇਲ, ਵਿਕਾਸ ਗੋਇਲ ਅਤੇ ਓਪੀ ਰਾਣਾ ਮੌਕੇ ਤੋਂ ਭੱਜਣ ਲੱਗ ਪਏ। ਸੀਬੀਆਈ ਟੀਮ ਨੇ ਕਰੀਬ 35 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਆਖ਼ਿਰਕਾਰ ਹਰਿਆਣਾ ਸਰਹੱਦ ਨੇੜੇ ਰਾਘਵ ਗੋਇਲ, ਵਿਕਾਸ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ, ਜਦਕਿ ਓਪੀ ਰਾਣਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

