ਚੰਡੀਗੜ੍ਹ :- ਪੰਜਾਬ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਨੇਤਰਹੀਣ ਅਤੇ ਚਲਣ-ਫਿਰਨ ਵਿੱਚ ਅਸਮਰੱਥ ਕਰਮਚਾਰੀਆਂ ਨੂੰ ਹੁਣ ਰਾਤ ਦੀ ਡਿਊਟੀ ਨਹੀਂ ਲਗਾਈ ਜਾਵੇਗੀ।
ਡਾ. ਕੌਰ ਨੇ ਕਿਹਾ ਕਿ ਹਾਲ ਹੀ ਵਿੱਚ ਦਿਵਿਆਂਗ ਕਰਮਚਾਰੀਆਂ ਦੀਆਂ ਸੰਸਥਾਵਾਂ ਨਾਲ ਹੋਈਆਂ ਬੈਠਕਾਂ ਵਿੱਚ ਇਹ ਮਸਲਾ ਗੰਭੀਰਤਾ ਨਾਲ ਉਠਾਇਆ ਗਿਆ ਸੀ। ਰਾਤ ਦੀ ਡਿਊਟੀ ਦੌਰਾਨ ਸੁਰੱਖਿਆ ਤੇ ਯਾਤਰਾ ਸੰਬੰਧੀ ਮੁਸ਼ਕਲਾਂ ਕਾਰਨ ਇਹ ਕਰਮਚਾਰੀ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਇਸ ਸਥਿਤੀ ਨੂੰ ਵੇਖਦਿਆਂ ਮਨੁੱਖੀ ਹਮਦਰਦੀ ਅਤੇ ਭਲਾਈ ਦੇ ਸਿਧਾਂਤ ਅਧੀਨ ਇਹ ਫ਼ੈਸਲਾ ਲਿਆ ਗਿਆ ਹੈ।