ਅਮਰੀਕਾ :- ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਮੌਕੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਨਵੀਂ ਅਤੇ ਚਰਚਿਤ ਪਹਲ ਸਾਹਮਣੇ ਆਈ ਹੈ। ਵ੍ਹਾਈਟ ਹਾਊਸ ਦੇ ਅਨੁਸਾਰ, ਜਲਦ ਹੀ ਖਾਸ ਕਿਸਮ ਦੇ ਪਾਸਪੋਰਟ ਜਾਰੀ ਕੀਤੇ ਜਾਣਗੇ, ਜਿਨ੍ਹਾਂ ‘ਤੇ ਟਰੰਪ ਦੀ ਤਸਵੀਰ ਸ਼ਾਮਲ ਹੋਵੇਗੀ। ਇਹ ਪਾਸਪੋਰਟ ਸੀਮਿਤ ਗਿਣਤੀ ਵਿੱਚ ਤਿਆਰ ਕੀਤੇ ਜਾਣਗੇ ਅਤੇ ਪਹਿਲੇ ਪੜਾਅ ਵਿੱਚ ਵਾਸ਼ਿੰਗਟਨ ਦੀ ਪਾਸਪੋਰਟ ਏਜੰਸੀ ‘ਤੇ ਉਪਲਬਧ ਹੋਣਗੇ।
ਸੁਨਹਿਰੀ ਦਸਤਖਤ ਤੇ ਦੇਸ਼ਭਗਤੀ ਡਿਜ਼ਾਈਨ ਖਾਸ ਆਕਰਸ਼ਣ ਨਵੇਂ ਡਿਜ਼ਾਈਨ ਵਿੱਚ ਟਰੰਪ ਦੀ ਤਸਵੀਰ ਦੇ ਨਾਲ ਆਜ਼ਾਦੀ ਦੇ ਐਲਾਨਨਾਮੇ ਦਾ ਹਿੱਸਾ ਅਤੇ ਅਮਰੀਕੀ ਝੰਡੇ ਦੀ ਝਲਕ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪਾਸਪੋਰਟ ‘ਤੇ ਰਾਸ਼ਟਰਪਤੀ ਦੇ ਦਸਤਖਤ ਸੁਨਹਿਰੀ ਰੰਗ ਵਿੱਚ ਦਰਸਾਏ ਜਾਣਗੇ, ਜਿਸਨੂੰ ਇੱਕ ਵਿਲੱਖਣ ਪਛਾਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਸਰਕਾਰੀ ਪ੍ਰਤੀਕਾਂ ‘ਚ ਵੀ ਤਬਦੀਲੀਆਂ ਦੀ ਯੋਜਨਾ ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਵੱਲੋਂ ਯਾਦਗਾਰੀ ਸੋਨੇ ਦੇ ਸਿੱਕੇ ਜਾਰੀ ਕਰਨ ਅਤੇ ਮੁਦਰਾ ਨੋਟਾਂ ‘ਤੇ ਰਾਸ਼ਟਰਪਤੀ ਦੇ ਦਸਤਖਤ ਦਰਸਾਉਣ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜਧਾਨੀ ਵਿੱਚ ਇੱਕ ਵੱਡੇ ਵਿਜੇ ਦੁਆਰ ਦੇ ਨਿਰਮਾਣ ਦੀ ਗੱਲ ਵੀ ਚਰਚਾ ਵਿੱਚ ਹੈ।
ਫੈਸਲਿਆਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼ ਟਰੰਪ ਦੀਆਂ ਇਨ੍ਹਾਂ ਪਹਲਾਂ ਨੇ ਦੇਸ਼ ਅੰਦਰ ਤਿੱਖੀ ਪ੍ਰਤੀਕ੍ਰਿਆ ਪੈਦਾ ਕੀਤੀ ਹੈ। ਕਈ ਇਤਿਹਾਸਕ ਅਤੇ ਸਾਂਸਕ੍ਰਿਤਿਕ ਸੰਸਥਾਵਾਂ ਨੇ ਇਸਨੂੰ ਰਵਾਇਤਾਂ ਦੇ ਖਿਲਾਫ ਕਰਾਰ ਦਿੱਤਾ ਹੈ। ਕੁਝ ਫੈਸਲੇ ਅਦਾਲਤੀ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਹੇ ਹਨ, ਜਦਕਿ ਸਰਕਾਰ ਇਸਨੂੰ ਦੇਸ਼ਭਗਤੀ ਨੂੰ ਉਭਾਰਨ ਦੀ ਕੋਸ਼ਿਸ਼ ਵਜੋਂ ਦਰਸਾ ਰਹੀ ਹੈ।

