ਮੋਗਾ :- ਮੋਗਾ ਦੇ ਪਰਵਾਨਾ ਨਗਰ ਵਿੱਚ ਚਾਰਜਿੰਗ ਹੋ ਰਹੀ ਇੱਕ ਇਲੈਕਟ੍ਰਿਕ ਸਕੂਟਰੀ ਅਚਾਨਕ ਧਮਾਕੇ ਨਾਲ ਫੱਟ ਗਈ, ਜਿਸ ਕਾਰਨ ਘਰ ਵਿੱਚ ਅੱਗ ਲੱਗ ਗਈ। ਧਮਾਕੇ ਦੀ ਗੂੰਜ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਧਮਾਕੇ ਨਾਲ ਬੁਲੇਟ ਮੋਟਰਸਾਈਕਲ ਵੀ ਲੱਗੀ ਅੱਗ ਦੀ ਲਪੇਟ ਵਿੱਚ
ਮਿਲੀ ਜਾਣਕਾਰੀ ਮੁਤਾਬਕ, ਸਕੂਟਰੀ ਚਾਰਜਿੰਗ ’ਤੇ ਲੱਗੀ ਹੋਈ ਸੀ, ਜਦੋਂ ਅਚਾਨਕ ਧਮਾਕਾ ਹੋਇਆ। ਅੱਗ ਦੀਆਂ ਲਪਟਾਂ ਨੇ ਨੇੜੇ ਖੜ੍ਹੀ ਬੁਲੇਟ ਮੋਟਰਸਾਈਕਲ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਤੁਰੰਤ ਇਕੱਠੇ ਹੋਏ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ
ਸੂਚਨਾ ਮਿਲਣ ਉਪਰੰਤ ਲਗਭਗ 4 ਵਜੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ। ਫਾਇਰ ਬ੍ਰਿਗੇਡ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਸਕੂਟਰੀ ਚਾਰਜਿੰਗ ਦੌਰਾਨ ਸ਼ਾਰਟ ਸਰਕਟ ਸੀ।
ਵੱਡਾ ਜਾਨੀ ਨੁਕਸਾਨ ਟਲਿਆ, ਪਰ ਮਾਲੀ ਨੁਕਸਾਨ ਵੱਡਾ
ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲੈਕਟ੍ਰਿਕ ਸਕੂਟਰੀ ਅਤੇ ਬੁਲੇਟ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਨਾਲ ਹੀ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।