ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ 7 ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਦਲ-ਬਦਲੀ ਦੇ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਸੂਤਰਾਂ ਅਨੁਸਾਰ, ਸੀਐਮ ਮਾਨ ਸਾਰੇ ਪੰਜਾਬ ਵਿਧਾਇਕਾਂ ਦੇ ਇੱਕ ਵਫ਼ਦ ਨਾਲ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ, ਜਿੱਥੇ ਉਹ ਰਾਸ਼ਟਰਪਤੀ ਅੱਗੇ ਆਪਣਾ ਪੱਖ ਰੱਖਣਗੇ।
ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਦੀ ਮੰਗ
ਮੁੱਖ ਮੰਤਰੀ ਵੱਲੋਂ ਇਹ ਮੰਗ ਕੀਤੀ ਜਾਵੇਗੀ ਕਿ ਦਲ-ਬਦਲੀ ਕਰਨ ਵਾਲੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਸੰਵਿਧਾਨਕ ਅਧਿਕਾਰਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਬੁਲਾਉਣ ਸਬੰਧੀ ਪ੍ਰਕਿਰਿਆ ਤੇ ਵਿਚਾਰ ਕੀਤਾ ਜਾਵੇ।
ਸੰਜੇ ਸਿੰਘ ਦੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ
ਇਸੇ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਦਲ-ਬਦਲੀ ਕਰਨ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਣੀ ਹੈ। ਉਨ੍ਹਾਂ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਹੋਣਗੇ।
ਪਾਰਟੀ ਅੰਦਰ ਗਿਣਤੀ ਨੂੰ ਲੈ ਕੇ ਵਾਦ-ਵਿਵਾਦ
ਸੰਸਦ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਵੀ ਪਾਰਟੀ ਅੰਦਰ ਵੱਖ-ਵੱਖ ਦਾਅਵੇ ਸਾਹਮਣੇ ਆ ਰਹੇ ਹਨ। ਇਕ ਪਾਸੇ ਰਾਘਵ ਚੱਢਾ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਰਾਜ ਸਭਾ ਵਿੱਚ ‘ਆਪ’ ਦੇ 10 ਮੈਂਬਰਾਂ ਵਿੱਚੋਂ 7 ਉਨ੍ਹਾਂ ਦੇ ਨਾਲ ਹਨ, ਜਦਕਿ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਿਰਫ਼ 3 ਸੰਸਦ ਮੈਂਬਰ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਬਾਕੀ ਹਾਲੇ ਵੀ ਪਾਰਟੀ ਨਾਲ ਹਨ।
ਦਸਤਖ਼ਤ ਜਾਅਲੀ ਹੋਣ ਦੇ ਦੋਸ਼
ਹਰਪਾਲ ਚੀਮਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੁਝ ਸੰਸਦ ਮੈਂਬਰਾਂ ਦੇ ਦਸਤਖ਼ਤ ਜਾਅਲੀ ਤਰੀਕੇ ਨਾਲ ਦਰਸਾਏ ਗਏ ਹਨ, ਜਿਸ ਵਿੱਚ ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਦੇ ਨਾਂ ਵੀ ਸ਼ਾਮਲ ਹਨ।
ਰਾਜਨੀਤਿਕ ਟਕਰਾਅ ਤੇਜ਼ ਹੋਣ ਦੇ ਅਸਾਰ
ਇਸ ਪੂਰੇ ਮਾਮਲੇ ਨਾਲ ਪੰਜਾਬ ਅਤੇ ਕੇਂਦਰੀ ਰਾਜਨੀਤੀ ਵਿੱਚ ਤਣਾਅ ਵਧ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕਾਨੂੰਨੀ ਅਤੇ ਰਾਜਨੀਤਿਕ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

