ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ 24 ਅਪ੍ਰੈਲ ਨੂੰ ਰਾਤ 8 ਵਜੇ ਸੂਬੇ ਭਰ ਵਿੱਚ ਸਿਵਲ ਡਿਫੈਂਸ ਤਹਿਤ ਏਅਰ ਰੇਡ ਅਤੇ ਬਲੈਕਆਊਟ ਮਾਕ ਡ੍ਰਿਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਅਭਿਆਸ ਕਰੀਬ 15 ਮਿੰਟ ਲਈ ਹੋਵੇਗਾ, ਜੋ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸਦਾ ਉਦੇਸ਼ ਐਮਰਜੈਂਸੀ ਜਾਂ ਸੰਕਟਕਾਲੀਨ ਹਾਲਾਤਾਂ ਨਾਲ ਨਿਪਟਣ ਲਈ ਤਿਆਰੀਆਂ ਦੀ ਪਰਖ ਕਰਨਾ ਹੈ।
ਸਾਇਰਨ ਵੱਜਣ ਨਾਲ ਲਾਗੂ ਹੋਵੇਗਾ ਬਲੈਕਆਊਟ
ਮਾਕ ਡ੍ਰਿਲ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸਾਇਰਨ ਨਾਲ ਕੀਤੀ ਜਾਵੇਗੀ, ਜੋ ਲਗਭਗ ਦੋ ਮਿੰਟ ਤੱਕ ਵੱਖ-ਵੱਖ ਸੁਰਾਂ ਵਿੱਚ ਵੱਜੇਗਾ। ਇਸਦੇ ਤੁਰੰਤ ਬਾਅਦ ਨਿਰਧਾਰਿਤ ਖੇਤਰਾਂ ਵਿੱਚ ਪੂਰਾ ਬਲੈਕਆਊਟ ਲਾਗੂ ਕਰ ਦਿੱਤਾ ਜਾਵੇਗਾ, ਤਾਂ ਜੋ ਅਸਲ ਜਿਹੇ ਹਾਲਾਤਾਂ ਦੀ ਅਭਿਆਸਕ ਤਸਵੀਰ ਤਿਆਰ ਹੋ ਸਕੇ।
ਰਾਹਤ ਤੇ ਬਚਾਅ ਕਾਰਜਾਂ ਦੀ ਹੋਵੇਗੀ ਜਾਂਚ
ਇਸ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਤੇ ਬਚਾਅ ਮੁਹਿੰਮ, ਪਹਿਲੀ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਅਤੇ ਟ੍ਰੈਫਿਕ ਤੇ ਭੀੜ ਪ੍ਰਬੰਧਨ ਵਰਗੇ ਕਈ ਅਹਿਮ ਕਾਰਜਾਂ ਦੀ ਪ੍ਰੈਕਟੀਕਲ ਜਾਂਚ ਕੀਤੀ ਜਾਵੇਗੀ। ਇਸ ਰਾਹੀਂ ਸਿਵਲ ਡਿਫੈਂਸ ਟੀਮਾਂ ਅਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਦੀ ਸਮੀਖਿਆ ਕੀਤੀ ਜਾਵੇਗੀ।
ਜ਼ਰੂਰੀ ਸੇਵਾਵਾਂ ਰਹਿਣਗੀਆਂ ਜਾਰੀ
ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਹਸਪਤਾਲ, ਅੱਗ ਬੁਝਾਉ ਵਿਭਾਗ ਅਤੇ ਹੋਰ ਐਮਰਜੈਂਸੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਚੱਲਦੀਆਂ ਰਹਿਣਗੀਆਂ, ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।
ਅਫ਼ਵਾਹਾਂ ਤੋਂ ਬਚਣ ਦੀ ਅਪੀਲ
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸਨੂੰ ਸਿਰਫ਼ ਇੱਕ ਅਭਿਆਸ ਵਜੋਂ ਹੀ ਲਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਬਲੈਕਆਊਟ ਦੌਰਾਨ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖਣ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਸਕਣ।

