ਜਾਪਾਨ :- ਉੱਤਰੀ ਜਾਪਾਨ ਦੇ ਸੈਨਰੀਕੂ ਤੱਟ ‘ਤੇ ਸ਼ਾਮ ਸਮੇਂ ਇਕ ਜ਼ਬਰਦਸਤ ਭੂਚਾਲ ਆਇਆ, ਜਿਸ ਦੀ ਤੀਬਰਤਾ 7.4 ਦਰਜ ਕੀਤੀ ਗਈ। ਇਹ ਝਟਕਾ ਸਥਾਨਕ ਸਮੇਂ ਅਨੁਸਾਰ ਲਗਭਗ 4:53 ਵਜੇ ਮਹਿਸੂਸ ਕੀਤਾ ਗਿਆ, ਜਿਸ ਨਾਲ ਇਲਾਕੇ ‘ਚ ਹੜਕੰਪ ਮਚ ਗਿਆ।
ਸਮੁੰਦਰ ਤਲ ਹੇਠਾਂ ਕੇਂਦਰ, ਸੁਨਾਮੀ ਲਹਿਰਾਂ ਦੀ ਸ਼ੁਰੂਆਤ
ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਸਮੁੰਦਰ ਤਲ ਤੋਂ ਕਰੀਬ 10 ਕਿਲੋਮੀਟਰ ਡੂੰਘਾਈ ‘ਤੇ ਸੀ। ਇਸ ਦੇ ਬਾਅਦ ਇਕ ਬੰਦਰਗਾਹ ‘ਤੇ ਲਗਭਗ 80 ਸੈਂਟੀਮੀਟਰ ਉੱਚੀ ਸੁਨਾਮੀ ਲਹਿਰ ਦਰਜ ਕੀਤੀ ਗਈ, ਜਦਕਿ ਪਹਿਲਾਂ 3 ਮੀਟਰ ਤੱਕ ਦੀਆਂ ਲਹਿਰਾਂ ਆਉਣ ਦੀ ਸੰਭਾਵਨਾ ਜਤਾਈ ਗਈ ਸੀ।
ਟੋਕੀਓ ਤੱਕ ਮਹਿਸੂਸ ਹੋਏ ਝਟਕੇ
ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਸੈਂਕੜੇ ਕਿਲੋਮੀਟਰ ਦੂਰ ਰਾਜਧਾਨੀ ਟੋਕੀਓ ‘ਚ ਵੀ ਉੱਚੀਆਂ ਇਮਾਰਤਾਂ ਹਿੱਲਦੀਆਂ ਮਹਿਸੂਸ ਹੋਈਆਂ। ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ ਅਤੇ ਕਈ ਥਾਵਾਂ ‘ਤੇ ਲੋਕ ਸੜਕਾਂ ‘ਤੇ ਆ ਗਏ।
ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ
ਏਜੰਸੀ ਵੱਲੋਂ ਤੱਟੀ ਅਤੇ ਦਰਿਆ ਕਿਨਾਰੇ ਵਸਦੇ ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ਜਾਂ ਸੁਰੱਖਿਅਤ ਇਲਾਕਿਆਂ ਵੱਲ ਜਾਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸੁਨਾਮੀ ਲਹਿਰਾਂ ਜਲਦੀ ਤੱਟੀ ਖੇਤਰਾਂ ਤੱਕ ਪਹੁੰਚ ਸਕਦੀਆਂ ਹਨ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।
ਲਗਾਤਾਰ ਲਹਿਰਾਂ ਦਾ ਖਤਰਾ, ਸਾਵਧਾਨ ਰਹਿਣ ਦੇ ਹੁਕਮ
ਮੌਸਮ ਵਿਭਾਗ ਨੇ ਚੇਤਾਇਆ ਹੈ ਕਿ ਇੱਕ ਤੋਂ ਵੱਧ ਸੁਨਾਮੀ ਲਹਿਰਾਂ ਆ ਸਕਦੀਆਂ ਹਨ, ਇਸ ਲਈ ਚੇਤਾਵਨੀ ਹਟਣ ਤੱਕ ਲੋਕ ਸੁਰੱਖਿਅਤ ਥਾਵਾਂ ‘ਤੇ ਹੀ ਰਹਿਣ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲਾਤਾਂ ‘ਤੇ ਨਿਗਰਾਨੀ ਲਈ ਸੰਕਟ ਪ੍ਰਬੰਧਨ ਟੀਮ ਤਾਇਨਾਤ ਕਰ ਦਿੱਤੀ ਗਈ ਹੈ।

