ਚੰਡੀਗੜ੍ਹ :- ਚੰਡੀਗੜ੍ਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਲੀ ਵਿੱਚ ਹੋਈ ਜੀ.ਐਸ.ਟੀ. ਮੀਟਿੰਗ ਤੋਂ ਵਾਪਸੀ ‘ਤੇ ਦਾਅਵਾ ਕੀਤਾ ਕਿ ਭਾਜਪਾ ਲਗਾਤਾਰ ਦੇਸ਼ ਦੇ ਲੋਕਤੰਤਰ ਅੰਦਰ ਵੋਟਾਂ ਦੀ ਚੋਰੀ ਕਰਕੇ ਸੱਤਾ ਹਾਸਲ ਕਰ ਰਹੀ ਹੈ। ਉਨ੍ਹਾਂ ਚੰਡੀਗੜ੍ਹ ਮੇਅਰ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਭਾਜਪਾ ਦੇ ਅਧਿਕਾਰੀਆਂ ਦੀ ਵੋਟ ਚੋਰੀ ਕੈਮਰੇ ‘ਚ ਕੈਦ ਹੋਈ ਸੀ। ਇਹ ਮਾਮਲਾ ਹਾਈਕੋਰਟ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਤੱਕ ਗਿਆ ਅਤੇ ਅੰਤ ਵਿੱਚ ਨਤੀਜੇ ਵਿੱਚ ਤਬਦੀਲੀ ਆਈ।
ਭਾਜਪਾ ਨੂੰ ਲੋਕਤੰਤਰ ਲਈ ਵੱਡਾ ਖ਼ਤਰਾ ਦੱਸਿਆ
ਚੀਮਾ ਨੇ ਕਿਹਾ ਕਿ ਭਾਜਪਾ ਅੱਜ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ। ਉਨ੍ਹਾਂ ਆਰੋਪ ਲਾਇਆ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕਈ ਵਾਰ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਗਈ ਪਰ ਭਾਜਪਾ ਨੇ ਸਾਜ਼ਿਸ਼ਾਂ ਰਾਹੀਂ ਵੋਟਾਂ ਰੱਦ ਕਰਵਾ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।
ਬਿਹਾਰ ਚੋਣਾਂ ਵਿੱਚ ਵੀ ਵੋਟ ਚੋਰੀ ਦੇ ਇਲਜ਼ਾਮ
ਚੀਮਾ ਨੇ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਵੀ ਭਾਜਪਾ ਨੇ ਇਸੇ ਤਰੀਕੇ ਨਾਲ ਵੋਟਾਂ ਦੀ ਚੋਰੀ ਕੀਤੀ। ਇਹ ਮਾਮਲਾ ਸੰਸਦ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਤੱਕ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਵੋਟ ਚੋਰੀ ਕਰਨਾ ਭਾਜਪਾ ਦੀ ਆਦਤ ਬਣ ਚੁੱਕੀ ਹੈ।
ਪੰਜਾਬ ਵਿੱਚ ਡਾਟਾ ਚੋਰੀ ਦੇ ਦੋਸ਼
ਵਿੱਤ ਮੰਤਰੀ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਲੋਕ ਸੇਵਾ ਦੇ ਨਾਮ ‘ਤੇ ਭਾਜਪਾ ਨਿੱਜੀ ਡਾਟਾ ਚੋਰੀ ਕਰ ਰਹੀ ਹੈ। ਕੈਂਪ ਲਗਾ ਕੇ ਪੈਨ ਕਾਰਡ, ਆਧਾਰ ਕਾਰਡ, ਬੈਂਕ ਖਾਤਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜੋ 2023 ਦੇ ਪੈਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਉਲੰਘਣ ਹੈ। ਇਸ ਕਾਨੂੰਨ ਮੁਤਾਬਕ ਕਿਸੇ ਦਾ ਨਿੱਜੀ ਡਾਟਾ ਬਿਨਾਂ ਲਾਇਸੰਸ ਵਰਤ ਨਹੀਂ ਕੀਤਾ ਜਾ ਸਕਦਾ।
ਡਾਟਾ ਚੋਰੀ ਨਾਲ ਸਾਇਬਰ ਫ਼ਰਾਡ ਦਾ ਖ਼ਤਰਾ
ਚੀਮਾ ਨੇ ਚੇਤਾਵਨੀ ਦਿੱਤੀ ਕਿ ਇਹ ਡਾਟਾ ਸਾਇਬਰ ਕ੍ਰਾਈਮ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਕੈਂਪਾਂ ਦੇ ਚੱਕਰ ਵਿੱਚ ਨਾ ਪੈਣ ਅਤੇ ਆਪਣੇ ਨਿੱਜੀ ਡਾਟੇ ਦੀ ਸੁਰੱਖਿਆ ਕਰਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕੈਂਪ ਲੋਕਾਂ ਦੇ ਵੋਟ ਕੱਟਣ ਅਤੇ ਡਿਜ਼ਿਟਲ ਫਰਾਡ ਕਰਨ ਲਈ ਲਗਾਏ ਜਾ ਰਹੇ ਹਨ।