ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਕਲੈਂਡ ਦੇ ਓਟਾਹੂਹੂ ਇਲਾਕੇ ਵਿੱਚ ਸਥਿਤ ਗੁਰੂ ਨਾਨਕ ਸਿੱਖ ਸੰਗਤ ਗੁਰਦੁਆਰਾ ਸਾਹਿਬ ਦਾ ਦੌਰਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਅਹਿਮ ਭੇਟ ਕੀਤੀ। ਇਸ ਦੌਰੇ ਨੂੰ ਸਿੱਖ ਕੌਮ ਅਤੇ ਨਿਊਜ਼ੀਲੈਂਡ ਸਰਕਾਰ ਵਿਚਕਾਰ ਨਜ਼ਦੀਕੀਆਂ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਭਾਈਚਾਰਕ ਇਕਤਾ ‘ਤੇ ਚਰਚਾ
ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਨਿਊਜ਼ੀਲੈਂਡ ਵਿੱਚ ਵੱਸਦੇ ਸਿੱਖ ਸਮੁਦਾਇ ਅਤੇ ਹੋਰ ਕੌਮਾਂ ਵਿਚਕਾਰ ਆਪਸੀ ਸਾਂਝ, ਸਹਿਯੋਗ ਅਤੇ ਸਮਝੌਤੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਨਾਲ ਨਾਲ ਦੇਸ਼ ਦੇ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਸਿੱਖ ਭਾਈਚਾਰੇ ਦੀ ਭੂਮਿਕਾ ‘ਤੇ ਵੀ ਖਾਸ ਤੌਰ ‘ਤੇ ਗੱਲਬਾਤ ਹੋਈ।
ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸਰਾਹਨਾ
ਪ੍ਰਧਾਨ ਮੰਤਰੀ ਲਕਸਨ ਨੇ ਨਿਊਜ਼ੀਲੈਂਡ ਵਿੱਚ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਮਾਜਕ ਯੋਗਦਾਨ ਦੀ ਕਦਰ ਕਰਦਿਆਂ ਕਿਹਾ ਕਿ ਇਹ ਭਾਈਚਾਰਾ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸਰਕਾਰ ਵੱਲੋਂ ਮਿਲ ਰਹੇ ਸਨਮਾਨ ਲਈ ਧੰਨਵਾਦ ਪ੍ਰਗਟਾਇਆ।
ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਸੱਦਾ
ਜਥੇਦਾਰ ਗੜਗੱਜ ਨੇ ਪ੍ਰਧਾਨ ਮੰਤਰੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ, ਜਿਸਨੂੰ ਲਕਸਨ ਨੇ ਖੁਸ਼ਦਿਲੀ ਨਾਲ ਸਵੀਕਾਰ ਕੀਤਾ। ਇਹ ਸੱਦਾ ਧਾਰਮਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਸਕਾਰਾਤਮਕ ਪਹਲ ਮੰਨੀ ਜਾ ਰਹੀ ਹੈ।
ਤੋਹਫਿਆਂ ਦੀ ਅਦਲਾ-ਬਦਲੀ ਤੇ ਹਾਜ਼ਰੀਆਂ
ਮੁਲਾਕਾਤ ਦੌਰਾਨ ਦੋਵਾਂ ਪਾਸਿਆਂ ਵੱਲੋਂ ਯਾਦਗਾਰੀ ਤੋਹਫਿਆਂ ਦੀ ਅਦਲਾ-ਬਦਲੀ ਵੀ ਕੀਤੀ ਗਈ, ਜਿਸ ਵਿੱਚ ਜਥੇਦਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਇਕ ਖ਼ਾਸ ਮਾਡਲ ਭੇਟ ਕੀਤਾ ਗਿਆ, ਜਦਕਿ ਲਕਸਨ ਨੇ ਵੀ ਉਨ੍ਹਾਂ ਨੂੰ ਘੜੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਸਮੇਤ ਸੰਸਦ ਮੈਂਬਰ ਰੀਮਾ ਨਾਕ੍ਹਲੇ, ਦਲਜੀਤ ਸਿੰਘ, ਸਰਬਜੀਤ ਸਿੰਘ ਝਿੰਜਰ ਅਤੇ ਜਸਕਰਨ ਸਿੰਘ ਵੀ ਹਾਜ਼ਰ ਰਹੇ।

