ਅਜਨਾਲਾ :- ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਨਵੇਂ ਬਣੇ ਬਾਈਪਾਸ ਪੁੱਲ ‘ਤੇ ਅੱਜ ਇੱਕ ਨੌਜਵਾਨ ਦੀ ਗਲੀ ਸੜੀ ਹਾਲਤ ਵਿੱਚ ਲਾਸ਼ ਮਿਲੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਪਿਛਲੇ ਤਿੰਨ ਦਿਨਾਂ ਤੋਂ ਗੁੰਮ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸਦੀ ਸ਼ਿਕਾਇਤ ਪਹਿਲਾਂ ਹੀ ਰਮਦਾਸ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਗਈ ਸੀ ਅਤੇ ਉਹ ਉਸਦੀ ਲਗਾਤਾਰ ਭਾਲ ਕਰ ਰਹੇ ਸਨ। ਅੱਜ ਪੁੱਲ ਨੇੜੇ ਉਹਨਾਂ ਨੂੰ ਉਸਦੀ ਲਾਸ਼ ਮਿਲੀ।
ਨਸ਼ੇ ਦਾ ਆਦੀ ਸੀ, ਪਰਿਵਾਰ ਦਾ ਦੋਸ਼
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਨੌਜਵਾਨ ਪਿਛਲੇ ਦੋ ਸਾਲਾਂ ਤੋਂ ਨਸ਼ਾ ਕਰਦਾ ਸੀ ਅਤੇ ਸੰਭਵ ਹੈ ਕਿ ਟੀਕੇ ਕਾਰਨ ਮੌਤ ਹੋਈ ਹੋਵੇ। ਉਸਨੇ ਦੱਸਿਆ ਕਿ ਨੌਜਵਾਨ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰ ਵਿੱਚ ਇੱਕ ਮਹੀਨੇ ਬਾਅਦ ਬੱਚਾ ਪੈਦਾ ਹੋਣ ਵਾਲਾ ਸੀ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਸੌਦਾਗਰਾਂ ‘ਤੇ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ।
ਪੁਲਿਸ ਨੇ ਸੱਪ ਦੇ ਡੰਗ ਦੀ ਸੰਭਾਵਨਾ ਦੱਸੀ
ਐਸਐਚਓ ਅਜਨਾਲਾ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਉੱਤੇ ਨੀਲੇ ਨਿਸ਼ਾਨ ਅਤੇ ਛਾਲੇ ਮਿਲੇ ਹਨ, ਜਿਸ ਤੋਂ ਸ਼ੱਕ ਹੈ ਕਿ ਸੱਪ ਦੇ ਡੰਗ ਕਾਰਨ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।