ਕੈਨੇਡਾ :- ਕੈਨੇਡਾ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਰੇਡੀਓ ਬ੍ਰਾਡਕਾਸਟਰ ਸੁਖਵਿੰਦਰ ਕੌਰ ਸੰਘਾ ਨੂੰ ਡਰੱਗ ਤਸਕਰੀ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵੱਲੋਂ ਸਾੜੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 47 ਸਾਲਾ ਸੰਘਾ ‘ਤੇ ਅਮਰੀਕਾ ਤੋਂ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਤਸਕਰੀ ਕਰਨ ਦੇ ਦੋਸ਼ ਸਾਬਤ ਹੋਏ ਹਨ।
ਜਲੰਧਰ ਨਾਲ ਜੁੜੀਆਂ ਜੜ੍ਹਾਂ, ਕੈਨੇਡਾ ‘ਚ ਬਣਾਈ ਸੀ ਵੱਖਰੀ ਪਛਾਣ
ਸੰਘਾ ਦਾ ਪਰਿਵਾਰ ਪੰਜਾਬ ਦੇ ਨਕੋਦਰ ਖੇਤਰ ਨਾਲ ਸੰਬੰਧਤ ਹੈ, ਹਾਲਾਂਕਿ ਉਹ ਕੈਨੇਡਾ ਦੇ ਪ੍ਰਿੰਸ ਜਾਰਜ ਸ਼ਹਿਰ ਵਿੱਚ ਜਨਮੀ ਸੀ। ਪਿਛਲੇ ਕਈ ਸਾਲਾਂ ਦੌਰਾਨ ਉਹ ਪੰਜਾਬੀ ਮੀਡੀਆ ਜਗਤ ਵਿੱਚ ਸਰਗਰਮ ਰਹੀ ਅਤੇ ਰੇਡੀਓ ਤੇ ਟੀਵੀ ਮੰਚ ‘ਤੇ ਇੱਕ ਜਾਣੀ-ਮਾਣੀ ਆਵਾਜ਼ ਵਜੋਂ ਉਭਰੀ।
ਪ੍ਰਸਿੱਧ ਹਸਤੀਆਂ ਨਾਲ ਇੰਟਰਵਿਊ ਕਰਕੇ ਬਣਾਇਆ ਨਾਮ
ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਅਕਸਰ ਰਾਜਨੀਤਿਕ ਨੇਤਾ, ਪੁਲਿਸ ਅਧਿਕਾਰੀ ਅਤੇ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਹੁੰਦੀਆਂ ਸਨ। ਇਸ ਕਾਰਨ ਉਹ ਪੰਜਾਬੀ ਭਾਈਚਾਰੇ ਵਿੱਚ ਇੱਕ ਮਸ਼ਹੂਰ ਚਿਹਰਾ ਬਣ ਗਈ ਸੀ, ਪਰ ਮੌਜੂਦਾ ਮਾਮਲੇ ਨੇ ਉਸਦੀ ਛਵੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਪੰਜਾਬੀ ਭਾਈਚਾਰੇ ‘ਚ ਚਿੰਤਾ, ਸਮੂਹਿਕ ਛਵੀ ‘ਤੇ ਪੈ ਰਿਹਾ ਅਸਰ
ਇਸ ਮਾਮਲੇ ਤੋਂ ਬਾਅਦ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਪੂਰੇ ਸਮਾਜ ਨੂੰ ਗਲਤ ਤਰੀਕੇ ਨਾਲ ਡਰੱਗ ਤਸਕਰੀ ਨਾਲ ਜੋੜਿਆ ਜਾਂਦਾ ਹੈ।
ਹੇਟ ਸਪੀਚ ਦੇ ਮਾਮਲਿਆਂ ‘ਚ ਵਾਧਾ, ਲੋਕਾਂ ਨੇ ਕੀਤੀ ਅਪੀਲ
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪੰਜਾਬੀ ਭਾਈਚਾਰੇ ਵਿਰੁੱਧ ਨਫਰਤੀ ਬਿਆਨਾਂ ਦੇ ਮਾਮਲੇ ਵੱਧ ਰਹੇ ਹਨ, ਅਜਿਹੇ ਵਿੱਚ ਇਹ ਘਟਨਾ ਹਾਲਾਤਾਂ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਕਿਸੇ ਇਕ ਵਿਅਕਤੀ ਦੇ ਕਰਤੂਤਾਂ ਨੂੰ ਪੂਰੇ ਭਾਈਚਾਰੇ ਨਾਲ ਨਾ ਜੋੜਿਆ ਜਾਵੇ।
ਮਾਮਲੇ ਨੇ ਕੈਨੇਡਾ ਅਤੇ ਪੰਜਾਬ ਦੋਵੇਂ ਥਾਵਾਂ ‘ਤੇ ਚਰਚਾ ਛੇੜੀ
ਇਸ ਘਟਨਾ ਨੇ ਸਿਰਫ ਕੈਨੇਡਾ ਹੀ ਨਹੀਂ, ਸਗੋਂ ਪੰਜਾਬ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਇਸਨੂੰ ਇੱਕ ਸੰਵੇਦਨਸ਼ੀਲ ਸਮਾਜਿਕ ਮਸਲੇ ਵਜੋਂ ਦੇਖ ਰਹੇ ਹਨ।

