ਚੰਡੀਗੜ੍ਹ :- ਰਾਘਵ ਚੱਢਾ ਨਾਲ ਜੁੜੇ ਮਾਮਲੇ ਵਿੱਚ ਵੱਡਾ ਸਿਆਸੀ ਮੋੜ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਦਿੱਤੀ ਗਈ Z+ ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਹ ਕਦਮ ਪਿਛਲੇ ਹਫ਼ਤੇ ਹੀ ਅਮਲ ਵਿੱਚ ਆਇਆ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਪ੍ਰਬੰਧ ਵਿੱਚ ਤਬਦੀਲੀ ਕੀਤੀ ਗਈ ਹੈ।
ਕੇਂਦਰੀ ਸੁਰੱਖਿਆ ਘੇਰੇ ਹੇਠ ਆਏ ਚੱਢਾ
ਰਾਘਵ ਚੱਢਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੁਰੱਖਿਆ ਵਾਪਸੀ ਤੋਂ ਬਾਅਦ ਹੁਣ ਉਨ੍ਹਾਂ ਲਈ ਕੇਂਦਰੀ ਸੁਰੱਖਿਆ ਪ੍ਰਬੰਧ ਲਾਗੂ ਕੀਤਾ ਗਿਆ ਹੈ। ਅੰਤਰਿਮ ਤੌਰ ‘ਤੇ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਸੰਭਾਲੀ ਜਾ ਰਹੀ ਹੈ, ਜਦ ਤੱਕ ਅੱਗੇ ਲਈ ਸਥਾਈ ਪ੍ਰਬੰਧ ਨਹੀਂ ਕਰ ਲਏ ਜਾਂਦੇ।
ਪਾਰਟੀ ਅੰਦਰ ਵਿਵਾਦ ਹੋਰ ਗਹਿਰਾਇਆ
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਰਾਘਵ ਚੱਢਾ ਵਿਚਕਾਰ ਚੱਲ ਰਿਹਾ ਤਣਾਅ ਉਸ ਵੇਲੇ ਹੋਰ ਵਧ ਗਿਆ ਸੀ ਜਦੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਪਾਰਟੀ ਅੰਦਰ ਵੱਖ-ਵੱਖ ਪੱਧਰਾਂ ‘ਤੇ ਅਸਹਿਮਤੀਆਂ ਸਾਹਮਣੇ ਆਉਣ ਲੱਗੀਆਂ।
ਚੱਢਾ ਦਾ ਜਵਾਬ—“ਖ਼ਾਮੋਸ਼ ਕੀਤਾ ਗਿਆ, ਹਰਾਇਆ ਨਹੀਂ”
ਅਹੁਦੇ ਤੋਂ ਹਟਾਏ ਜਾਣ ਮਗਰੋਂ ਰਾਘਵ ਚੱਢਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਖ਼ਾਮੋਸ਼ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਪਾਰਟੀ ਦੇ ਕੁਝ ਆਗੂਆਂ ਵੱਲੋਂ ਉਨ੍ਹਾਂ ‘ਤੇ ਇਹ ਵੀ ਦੋਸ਼ ਲਗਾਏ ਗਏ ਹਨ ਕਿ ਉਹ ਸੰਸਦੀ ਮਸਲਿਆਂ ਦੀ ਬਜਾਏ ਆਪਣੀ ਨਿੱਜੀ ਛਵੀ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਵੱਖਰੀ ਸਿਆਸੀ ਦਿਸ਼ਾ ਦੀਆਂ ਚਰਚਾਵਾਂ ਤੇਜ਼
ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਜ਼ੋਰਾਂ ‘ਤੇ ਹੈ ਕਿ ਚੱਢਾ ਦਾ ਆਮ ਆਦਮੀ ਪਾਰਟੀ ਨਾਲ ਸਫ਼ਰ ਅੱਗੇ ਕਿੰਨਾ ਚੱਲੇਗਾ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਇਕ ਵੀਡੀਓ ‘ਤੇ ਕੀਤੀ ਗਈ ਟਿੱਪਣੀ ਨੇ ਵੀ ਇਨ੍ਹਾਂ ਅਟਕਲਾਂ ਨੂੰ ਹੋਰ ਹਵਾ ਦਿੱਤੀ ਹੈ ਕਿ ਉਹ ਭਵਿੱਖ ਵਿੱਚ ਨਵੀਂ ਸਿਆਸੀ ਦਿਸ਼ਾ ਵੱਲ ਵਧ ਸਕਦੇ ਹਨ।

