ਨਵੀਂ ਦਿੱਲੀ :- ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਪੰਜਾਬ ਦੇ ਇੱਕ ਟਰੱਕ ਡਰਾਈਵਰ ਵੱਲੋਂ ਗਲਤ ਯੂ-ਟਰਨ ਲੈਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਜਾਰੀ ਕਰਨ ‘ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨਿਆ।
ਅਮਰੀਕੀ ਸਰਕਾਰ ਦਾ ਸਖ਼ਤ ਕਦਮ
ਰੂਬੀਓ ਨੇ ਕਿਹਾ ਕਿ ਹੁਣ ਤੋਂ ਕੋਈ ਵੀ ਨਵਾਂ ਵਰਕ ਵੀਜ਼ਾ ਟਰੈਕਟਰ-ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਲਈ ਜਾਰੀ ਨਹੀਂ ਹੋਵੇਗਾ। ਉਨ੍ਹਾਂ ਦਾ ਦਲੀਲ ਹੈ ਕਿ ਵਿਦੇਸ਼ੀ ਡਰਾਈਵਰਾਂ ਦੀ ਵੱਧ ਰਹੀ ਗਿਣਤੀ ਨਾਲ ਸੜਕਾਂ ‘ਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ ਅਤੇ ਇਹ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ਗਾਰ ‘ਤੇ ਵੀ ਨਕਾਰਾਤਮਕ ਅਸਰ ਪਾ ਰਹੀ ਹੈ।
ਹਾਦਸੇ ਦੀ ਪਿਛੋਕੜ
ਪਿਛਲੇ ਹਫ਼ਤੇ ਫਲੋਰੀਡਾ ਵਿੱਚ ਇਹ ਹਾਦਸਾ ਵਾਪਰਿਆ ਜਦੋਂ 28 ਸਾਲਾ ਹਰਜਿੰਦਰ ਸਿੰਘ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਿਆ ਸੀ, ਨੇ ਹਾਈਵੇਅ ‘ਤੇ ਅਚਾਨਕ ਗਲਤ ਯੂ-ਟਰਨ ਲਿਆ। ਇਸ ਦੌਰਾਨ ਇੱਕ ਮਿਨੀਵੈਨ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਅਤੇ ਬੁਰੀ ਤਰ੍ਹਾਂ ਟਰੱਕ ਹੇਠ ਫਸ ਗਈ।
ਇਸ ਹਾਦਸੇ ਵਿੱਚ ਮਿਨੀਵੈਨ ਚਲਾ ਰਿਹਾ 30 ਸਾਲਾ ਨੌਜਵਾਨ, ਨਾਲ ਬੈਠੀ 37 ਸਾਲਾ ਔਰਤ ਅਤੇ 54 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ।
ਟਰੱਕਿੰਗ ਉਦਯੋਗ ‘ਤੇ ਪ੍ਰਭਾਵ
ਹਰਜਿੰਦਰ ਸਿੰਘ ਦੇ ਗਲਤ ਯੂ-ਟਰਨ ਕਾਰਨ ਲਗਾਈ ਗਈ ਇਹ ਵੀਜ਼ਾ ਪਾਬੰਦੀ ਪਹਿਲੀ ਵਾਰ ਹੈ, ਜਦੋਂ ਇੱਕ ਵਿਅਕਤੀ ਦੀ ਲਾਪਰਵਾਹੀ ਨਾਲ ਪੂਰਾ ਉਦਯੋਗ ਪ੍ਰਭਾਵਿਤ ਹੋਇਆ। ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਪਹਿਲਾਂ ਹੀ ਵੱਡੀ ਚੁਣੌਤੀ ਬਣੀ ਹੋਈ ਹੈ। ਇੱਕ ਹਾਲੀਆ ਰਿਪੋਰਟ ਮੁਤਾਬਕ, ਦੇਸ਼ ਵਿੱਚ ਲਗਭਗ 24 ਹਜ਼ਾਰ ਡਰਾਈਵਰਾਂ ਦੀ ਕਮੀ ਹੈ, ਜਿਸ ਕਾਰਨ ਮਾਲ ਡਿਲੀਵਰੀ ਵਿੱਚ ਦੇਰੀ ਹੁੰਦੀ ਹੈ ਅਤੇ ਉਦਯੋਗ ਨੂੰ ਹਫ਼ਤੇ ਦਾ ਤਕਰੀਬਨ 95.5 ਮਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪੈਂਦਾ ਹੈ।
ਅਮਰੀਕਾ ਵਿੱਚ ਪੰਜਾਬੀਆਂ ਦੀ ਵੱਡੀ ਹਿੱਸੇਦਾਰੀ
ASAM ਨਿਊਜ਼ ਦੇ ਅੰਕੜਿਆਂ ਮੁਤਾਬਕ, ਜੂਨ 2025 ਤੱਕ ਅਮਰੀਕਾ ਦੇ ਟਰੱਕਿੰਗ ਉਦਯੋਗ ਵਿੱਚ ਲਗਭਗ 1.50 ਲੱਖ ਸਿੱਖ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 90% ਟਰੱਕ ਡਰਾਈਵਰ ਹਨ। 2020 ਦੇ ਅੰਕੜਿਆਂ ਅਨੁਸਾਰ, ਅਮਰੀਕਾ ਦੀਆਂ ਸੜਕਾਂ ‘ਤੇ 30 ਹਜ਼ਾਰ ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਸੇਵਾ ਨਿਭਾ ਰਹੇ ਸਨ, ਜੋ ਕੁੱਲ ਡਰਾਈਵਰਾਂ ਦਾ ਲਗਭਗ ਪੰਜਵਾਂ ਹਿੱਸਾ ਹਨ।