ਗੋਇੰਦਵਾਲ ਸਾਹਿਬ :- ਪਿੰਡ ਭਰੋਵਾਲ ਦਾ 10 ਸਾਲਾ ਗੁਰਮਾਨਦੀਪ ਸਿੰਘ, ਜੋ ਮੰਗਲਵਾਰ ਨੂੰ ਆਪਣੇ ਦੋਸਤਾਂ ਨਾਲ ਖੇਡਣ ਗਿਆ ਸੀ ਅਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਸੀ, ਉਸਦੀ ਲਾਸ਼ ਵੀਰਵਾਰ ਸਵੇਰੇ ਪਿੰਡ ਬੁਰਜ ਰਾਏਕੇ ਦੇ ਸੂਏ ’ਚੋਂ ਬਰਾਮਦ ਹੋਣ ਉਪਰੰਤ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਘਟਨਾ ਤੋਂ ਬਾਅਦ ਦੋ ਭੈਣਾਂ ਦੇ ਇਕਲੌਤੇ ਭਰਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰ ਨੇ ਕੀਤੀ ਰਾਤ ਭਰ ਭਾਲ
ਮ੍ਰਿਤਕ ਦੇ ਮਾਮੇ ਜਰਨੈਲ ਸਿੰਘ ਨੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਦੱਸਿਆ ਕਿ ਮੰਗਲਵਾਰ ਸ਼ਾਮ ਦੇਰ ਤੱਕ ਜਦੋਂ ਗੁਰਮਾਨਦੀਪ ਘਰ ਨਾ ਪਰਤਿਆ ਤਾਂ ਉਸਦੀ ਮਾਂ ਮਨਵਿੰਦਰ ਕੌਰ ਨੇ ਪਿੰਡ ਵਾਸੀਆਂ ਨਾਲ ਮਿਲਕੇ ਭਾਲ ਸ਼ੁਰੂ ਕਰ ਦਿੱਤੀ। ਬੱਚੇ ਦੀ ਗੁੰਮਸ਼ੁਦਗੀ ਬਾਰੇ ਆਸ-ਪਾਸ ਦੇ ਪਿੰਡਾਂ ਵਿੱਚ ਐਲਾਨ ਵੀ ਕਰਵਾਇਆ ਗਿਆ ਅਤੇ ਚੌਂਕੀ ਫਤਿਆਬਾਦ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ।
ਸੂਏ ’ਚੋਂ ਮਿਲੀ ਲਾਸ਼, ਹਾਲਤ ਸੀ ਬਦਤਰ
ਵੀਰਵਾਰ ਸਵੇਰੇ ਬੁਰਜ ਰਾਏਕੇ ਦੇ ਸੂਏ ਵਿੱਚ ਗੁਰਮਾਨਦੀਪ ਦੀ ਲਾਸ਼ ਤੈਰਦੀ ਮਿਲੀ। ਪੁਲਿਸ ਵੱਲੋਂ ਸ਼ਨਾਖਤ ਲਈ ਪਰਿਵਾਰ ਨੂੰ ਬੁਲਾਇਆ ਗਿਆ, ਜਿੱਥੇ ਉਸਦੀ ਪਛਾਣ ਹੋ ਗਈ। ਪਰਿਵਾਰ ਨੇ ਕਿਹਾ ਕਿ ਗੁਰਮਾਨਦੀਪ ਕਦੇ ਵੀ ਨਹਿਰ ਜਾਂ ਸੂਏ ਵਿੱਚ ਨਹਾਉਣ ਨਹੀਂ ਜਾਂਦਾ ਸੀ, ਇਸ ਕਰਕੇ ਉਸਦੀ ਮੌਤ ਕਿਸ ਹਾਲਾਤ ’ਚ ਹੋਈ, ਇਹ ਅਜੇ ਵੀ ਸਪਸ਼ਟ ਨਹੀਂ। ਗੁਰਮਾਨਦੀਪ ਛੇਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਿਤਾ ਦਲਬੀਰ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਘਰ ਵਿੱਚ ਦੋ ਭੈਣਾਂ ਅਤੇ ਮਾਂ ਹਨ। ਪਰਿਵਾਰ ਨੇ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਤੋਂ ਕੁਝ ਸਮੇਂ ਪਹਿਲਾਂ ਦੀਆਂ ਸੀ.ਸੀ.ਟੀ.ਵੀ ਤਸਵੀਰਾਂ ਉਨ੍ਹਾਂ ਕੋਲ ਮੌਜੂਦ ਹਨ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਮੌਤ ਦੇ ਅਸਲ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।