ਚੰਡੀਗੜ੍ਹ :- ਭਿਆਨਕ ਗਰਮੀ ਅਤੇ ਛੁੱਟੀਆਂ ਦੇ ਮੌਸਮ ਵਿੱਚ ਟਰੇਨਾਂ ‘ਚ ਵਧ ਰਹੀ ਭੀੜ ਨੂੰ ਮੱਦੇਨਜ਼ਰ ਰੱਖਦਿਆਂ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਖਾਸ ਕਦਮ ਚੁੱਕਿਆ ਹੈ। ਇਸ ਤਹਿਤ ਫਿਰੋਜ਼ਪੁਰ ਕੈਂਟ ਤੋਂ ਝੰਝਾਰਪੁਰ ਦਰਮਿਆਨ ਹਫ਼ਤਾਵਾਰੀ ਸਮਰ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਲੰਬੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ।
18 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਸੇਵਾਵਾਂ, ਕੁੱਲ ਛੇ ਫੇਰੇ
ਰੇਲਵੇ ਅਧਿਕਾਰੀਆਂ ਮੁਤਾਬਕ ਇਹ ਖਾਸ ਟਰੇਨ 18 ਅਪ੍ਰੈਲ ਤੋਂ 23 ਮਈ 2026 ਤੱਕ ਚਲਾਈ ਜਾਵੇਗੀ ਅਤੇ ਇਸ ਦੌਰਾਨ ਕੁੱਲ 6 ਫੇਰੇ ਲਗਾਏ ਜਾਣਗੇ। ਗੱਡੀ ਨੰਬਰ 04620 ਹਰ ਸ਼ਨੀਵਾਰ ਦੁਪਹਿਰ 2.30 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਲਗਭਗ 33 ਘੰਟਿਆਂ ਦਾ ਸਫ਼ਰ ਤੈਅ ਕਰਦਿਆਂ ਅਗਲੇ ਦਿਨ ਰਾਤ 11.30 ਵਜੇ ਝੰਝਾਰਪੁਰ ਪਹੁੰਚੇਗੀ।
ਵਾਪਸੀ ਲਈ ਵੀ ਨਿਯਮਤ ਸਮਾਂ-ਸੂਚੀ ਤੈਅ
ਇਸੇ ਤਰ੍ਹਾਂ ਵਾਪਸੀ ਲਈ ਗੱਡੀ ਨੰਬਰ 04619 20 ਅਪ੍ਰੈਲ ਤੋਂ 25 ਮਈ ਤੱਕ ਹਰ ਸੋਮਵਾਰ ਨੂੰ ਝੰਝਾਰਪੁਰ ਤੋਂ ਚੱਲੇਗੀ। ਇਹ ਰੇਲ ਰਾਤ 1 ਵਜੇ ਰਵਾਨਾ ਹੋ ਕੇ ਲਗਭਗ 33 ਘੰਟਿਆਂ ਬਾਅਦ ਸਵੇਰੇ 10.40 ਵਜੇ ਫਿਰੋਜ਼ਪੁਰ ਕੈਂਟ ਸਟੇਸ਼ਨ ‘ਤੇ ਪਹੁੰਚੇਗੀ।
ਕਈ ਮਹੱਤਵਪੂਰਨ ਸਟੇਸ਼ਨਾਂ ‘ਤੇ ਠਹਿਰਾਅ, ਯਾਤਰੀਆਂ ਲਈ ਸੁਵਿਧਾ
ਇਹ ਸਮਰ ਸਪੈਸ਼ਲ ਟਰੇਨ ਪੰਜਾਬ ਤੋਂ ਲੈ ਕੇ ਬਿਹਾਰ ਤੱਕ ਕਈ ਅਹਿਮ ਸਟੇਸ਼ਨਾਂ ਨੂੰ ਜੋੜੇਗੀ। ਰਸਤੇ ਵਿੱਚ ਲੋਹੀਆਂ ਖਾਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ ਅਤੇ ਅੰਬਾਲਾ ਛਾਉਣੀ ਵਰਗੇ ਸਟੇਸ਼ਨਾਂ ‘ਤੇ ਇਸਦਾ ਠਹਿਰਾਅ ਹੋਵੇਗਾ। ਇਸ ਤੋਂ ਇਲਾਵਾ ਯਮੁਨਾਨਗਰ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਰਖਪੁਰ, ਨਰਕਟਿਆਗੰਜ, ਰਕਸੌਲ ਅਤੇ ਸੀਤਾਮੜੀ ਸਮੇਤ ਹੋਰ ਸਟੇਸ਼ਨਾਂ ਨੂੰ ਵੀ ਇਸ ਸੇਵਾ ਨਾਲ ਜੋੜਿਆ ਗਿਆ ਹੈ।
ਪ੍ਰਵਾਸੀ ਯਾਤਰੀਆਂ ਲਈ ਸਫ਼ਰ ਹੋਵੇਗਾ ਆਸਾਨ
ਇਸ ਵਿਸ਼ੇਸ਼ ਟਰੇਨ ਦੇ ਚਲਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਰਹਿੰਦੇ ਬਿਹਾਰ ਅਤੇ ਪੂਰਬੀ ਭਾਰਤ ਦੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਯਾਤਰੀਆਂ ਨੂੰ ਆਪਣੇ ਘਰ ਜਾਣ ਲਈ ਵਧੀਆ ਸਹੂਲਤ ਮਿਲੇਗੀ। ਨਾਲ ਹੀ, ਕਨਫਰਮ ਸੀਟਾਂ ਦੀ ਉਪਲਬਧਤਾ ਵਧਣ ਨਾਲ ਯਾਤਰਾ ਹੋਰ ਆਰਾਮਦਾਇਕ ਬਣੇਗੀ।

