ਚੰਡੀਗੜ੍ਹ :- ਅੱਜ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1666 ਫੁੱਟ ਪਹੁੰਚ ਗਿਆ ਹੈ। ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ 58,671 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ, ਜੋ ਪਿਛਲੇ ਸਾਲ ਨਾਲੋਂ ਕਾਫ਼ੀ ਵੱਧ ਹੈ। ਡੈਮ ਤੋਂ 40,392 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਦੇ 26 ਗੇਟਾਂ ਵਿੱਚੋਂ 19,000 ਕਿਊਸਿਕ ਤੋਂ ਵੱਧ ਅਤੇ ਕੀਰਤਪੁਰ ਲਾਗੇ ਲੋਹੰਡ ਖੰਡ ਕੋਲੋਂ 10 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ।
ਸਤਲੁਜ ਕਿਨਾਰੇ ਪਿੰਡਾਂ ਲਈ ਖ਼ਤਰਾ ਅਤੇ ਨੁਕਸਾਨ
ਗੋਬਿੰਦ ਸਾਗਰ ਝੀਲ 65 ਵਰਗ ਮੀਲ ਦੇ ਖੇਤਰਫਲ ਵਾਲੀ ਹੈ ਅਤੇ ਇਸ ਵਿੱਚ 7.8 ਮਿਲੀਅਨ ਏਕੜ ਫੁੱਟ ਪਾਣੀ ਭੰਡਾਰ ਕਰਨ ਦੀ ਸਮਰਥਾ ਹੈ। ਸਵਾਂ ਨਦੀ ਵਿੱਚ ਆਏ ਅਚਾਨਕ 40 ਹਜ਼ਾਰ ਕਿਊਸਿਕ ਪਾਣੀ ਨੇ ਤਬਾਹੀ ਮਚਾਈ ਹੈ। ਐਲਗਰਾਂ ਪੁਲ, ਜੋ ਪਹਿਲਾਂ ਹੀ ਮੁਰੰਮਤ ਕਾਰਨ ਬੰਦ ਸੀ, ਦੇ ਦੋ ਪਿਲਰ ਧਸ ਗਏ ਹਨ। ਇਸ ਪਾਣੀ ਦੇ ਵਾਧੇ ਨਾਲ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਵਿੱਚ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ।