ਚੰਡੀਗੜ੍ਹ :- ਸੋਸ਼ਲ ਮੀਡੀਆ ਨਾਲ ਜੁੜੇ ਚਰਚਿਤ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਕਾਬੂ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਬਠਿੰਡਾ ਪੁਲਿਸ ਦੀ ਟੀਮ ਨੇ ਉੱਥੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਦੋਸ਼ੀ ਨੂੰ ਆਪਣੇ ਹਵਾਲੇ ਲਿਆ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਲਿਆਂਦਾ।
ਵੀਜ਼ਾ ਮਾਮਲੇ ਦੌਰਾਨ ਆਇਆ ਪੁਲਿਸ ਦੇ ਰਡਾਰ ‘ਚ
ਸੂਤਰਾਂ ਦੇ ਮੁਤਾਬਿਕ, ਮਹਿਰੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਸ਼ਾਰਜਾਹ ਵਿੱਚ ਵੀਜ਼ਾ ਸੰਬੰਧੀ ਪੁੱਛਗਿੱਛ ਦੌਰਾਨ ਸਥਾਨਕ ਪੁਲਿਸ ਦੇ ਰਡਾਰ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜੋ ਕਿ ਲਾਜ਼ਮੀ ਕਾਗਜ਼ੀ ਕਾਰਵਾਈ ਕਾਰਨ ਕੁਝ ਸਮੇਂ ਤੱਕ ਚੱਲਦੀ ਰਹੀ।
ਜੂਨ 2025 ਵਿੱਚ ਹੋਇਆ ਸੀ ਸੰਸਨੀਖੇਜ਼ ਕਤਲ
ਯਾਦ ਰਹੇ ਕਿ ਇਹ ਮਾਮਲਾ ਜੂਨ 2025 ਵਿੱਚ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਉਸਦੀ ਲਾਸ਼ ਬਠਿੰਡਾ ਵਿੱਚ ਇੱਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਮਿਲੀ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਗੱਡੀ ਵਿੱਚੋਂ ਆ ਰਹੀ ਬਦਬੂ ਨੇ ਖੋਲ੍ਹਿਆ ਰਾਜ਼
ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਖੜ੍ਹੀ ਕਾਰ ਵਿੱਚੋਂ ਤੇਜ਼ ਬਦਬੂ ਆਉਣ ਕਾਰਨ ਲੋਕਾਂ ਨੇ ਸ਼ੱਕ ਜਤਾਇਆ। ਜਦੋਂ ਜਾਂਚ ਕੀਤੀ ਗਈ ਤਾਂ ਕਾਰ ਦੇ ਅੰਦਰੋਂ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਪੁਲਿਸ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਕਾਰਵਾਈ
ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨੂੰ ਬਠਿੰਡਾ ਪੁਲਿਸ ਲਈ ਇੱਕ ਅਹਿਮ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਦੋਸ਼ੀ ਤੋਂ ਪੁੱਛਗਿੱਛ ਰਾਹੀਂ ਕਤਲ ਦੇ ਪਿੱਛੇ ਦੇ ਕਾਰਣਾਂ ਅਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਉਮੀਦ ਹੈ।

