ਖੰਨਾ :- ਖੰਨਾ ਨੇੜੇ ਮਲੇਰਕੋਟਲਾ ਰੋਡ ‘ਤੇ ਇੱਕ ਦੁਖਦਾਈ ਹਾਦਸਾ ਵਾਪਰਿਆ, ਜਦੋਂ ਇੱਕ ਚੱਲਦੇ ਟਿੱਪਰ ਦਾ ਟਾਇਰ ਫਟਣ ਕਾਰਨ ਰਿਮ ਬਾਹਰ ਨਿਕਲ ਕੇ ਬਾਈਕ ਸਵਾਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਸਵਾਰ ਦਰਸ਼ਨ ਸਿੰਘ ਸੋਨੀ (40) ਵਾਸੀ ਬਘੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਓਵਰਲੋਡ ਟਿੱਪਰ ਹਾਦਸੇ ਦਾ ਕਾਰਨ
ਦਰਸ਼ਨ ਸਿੰਘ ਮੋਟਰਸਾਈਕਲ ‘ਤੇ ਆਪਣੇ ਪਿੰਡ ਤੋਂ ਵਾਪਸ ਆ ਰਿਹਾ ਸੀ, ਜਦੋਂ ਬਜਰੀ ਨਾਲ ਓਵਰਲੋਡ ਟਿੱਪਰ ਕੋਲੋਂ ਲੰਘਿਆ। ਟਾਇਰ ਫਟਣ ਨਾਲ ਨਿਕਲੀ ਰਿਮ ਉਸ ਨੂੰ ਲੱਗੀ ਅਤੇ ਉਹ ਸੜਕ ਕਿਨਾਰੇ ਖੜ੍ਹੇ ਦੂਜੇ ਟਰੱਕ ਨਾਲ ਟਕਰਾਉਂਦਿਆਂ ਡਿੱਗ ਗਿਆ।
ਪਰਿਵਾਰ ‘ਤੇ ਟੁੱਟਿਆ ਕਹਿਰ
ਦਰਸ਼ਨ ਸਿੰਘ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਹਾਦਸੇ ਕਾਰਨ ਪਰਿਵਾਰ ‘ਚ ਗਮ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ, ਮ੍ਰਿਤਕ ਦੀ ਲਾਸ਼ ਹਸਪਤਾਲ ਪਹੁੰਚਾਈ
ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਦਰਸ਼ਨ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।