ਵੇਰਕਾ :-ਅੰਮ੍ਰਿਤਸਰ ਦੇ ਵੇਰਕਾ ਇਲਾਕੇ ‘ਚ ਇਕ 25 ਸਾਲਾ ਨੌਜਵਾਨ, ਰਮਨਵੀਰ ਸਿੰਘ ਨੇ ਪ੍ਰੇਮ ਸੰਬੰਧਾਂ ਤੋਂ ਇਨਕਾਰ ਹੋਣ ‘ਤੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਨਵੀਰ ਪਿਛਲੇ ਕਈ ਸਾਲਾਂ ਤੋਂ ਇਕ ਕੁੜੀ ਨਾਲ ਸੰਬੰਧਾਂ ‘ਚ ਸੀ ਅਤੇ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਰਹਿੰਦੇ ਸਨ। ਹਾਲ ਹੀ ‘ਚ ਮੁੰਡੇ ਨੇ ਉਸ ਕੁੜੀ ਦਾ ਜਨਮ ਦਿਨ ਵੀ ਮਨਾਇਆ ਸੀ।
ਜਾਣਕਾਰੀ ਅਨੁਸਾਰ, ਜਦੋਂ ਰਮਨਵੀਰ ਦੇ ਪਰਿਵਾਰ ਨੇ ਕੁੜੀ ਦੇ ਘਰ ਵਿਆਹ ਦੀ ਗੱਲ ਕੀਤੀ, ਤਾਂ ਕੁੜੀ ਨੇ ਸਪੱਸ਼ਟ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਵਿਦੇਸ਼ ਜਾ ਰਹੀ ਹੈ ਅਤੇ ਵਿਆਹ ਨਹੀਂ ਕਰ ਸਕਦੀ। ਇਸ ਗੱਲ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਸਦਮੇ ਵਿੱਚ ਧੱਕ ਦਿੱਤਾ ਅਤੇ ਉਸ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਗਵਾ ਬੈਠਾ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਕੁੜੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੁਲਿਸ ਨੇ ਕਿਹਾ ਹੈ ਕਿ ਮੁੰਡੇ ਅਤੇ ਕੁੜੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਜਨਾਲਾ ਵਿੱਚ ਪ੍ਰੇਮਿਕਾ ਦੇ ਭਰਾਵਾਂ ਨੇ ਪ੍ਰੇਮੀ ਨੂੰ ਕੁੱਟਿਆ
ਇਸ ਘਟਨਾ ਤੋਂ ਪਹਿਲਾਂ ਅਜਨਾਲਾ ਦੇ ਪਿੰਡ ਗੱਗੋਮਾਹਲ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਇੱਥੇ ਸੁਰਜੀਤ ਸਿੰਘ ਨਾਮਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨਾਲ ਪੀਜ਼ਾ ਖਾਣ ਦਾ ਪ੍ਰੋਗਰਾਮ ਬਣਾਇਆ, ਜੋ ਉਸ ਲਈ ਭਾਰੀ ਪੈ ਗਿਆ। ਲੜਕੀ ਦੇ ਭਰਾਵਾਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਨੂੰ ਗੰਭੀਰ ਸੱਟਾਂ ਨਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।