ਚੰਡੀਗੜ੍ਹ :- ਅਪ੍ਰੈਲ 2026 ਦੌਰਾਨ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਉਛਾਲ ਦੇਖਣ ਨੂੰ ਮਿਲਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਲਈ 1.47 ਲੱਖ ਰੁਪਏ ਤੋਂ ਉੱਪਰ ਪਹੁੰਚ ਗਈ ਹੈ, ਜੋ ਪਿਛਲੇ ਕਾਰੋਬਾਰੀ ਦਿਨ ਨਾਲੋਂ ਵਾਧੇ ਨੂੰ ਦਰਸਾਉਂਦੀ ਹੈ। ਇਸ ਨਾਲ ਚਾਂਦੀ ਦੀਆਂ ਦਰਾਂ ਵਿੱਚ ਵੀ ਉੱਚਾਲ ਆਇਆ ਹੈ, ਜਿਸ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ।
ਵੱਖ-ਵੱਖ ਸ਼ੁੱਧਤਾ ਵਾਲੇ ਸੋਨੇ ਦੀਆਂ ਨਵੀਆਂ ਦਰਾਂ
ਸਵੇਰੇ ਜਾਰੀ ਕੀਤੀਆਂ ਗਈਆਂ ਦਰਾਂ ਅਨੁਸਾਰ 23 ਕੈਰੇਟ ਸੋਨਾ (995 ਸ਼ੁੱਧਤਾ) ਲਗਭਗ 1.47 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਹੈ, ਜਦਕਿ 22 ਕੈਰੇਟ ਸੋਨਾ (916 ਸ਼ੁੱਧਤਾ) ਵੀ ਮਹਿੰਗਾ ਹੋ ਕੇ 1.35 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਵਪਾਰ ਕਰ ਰਿਹਾ ਹੈ। ਇਸ ਵਾਧੇ ਨੇ ਗਹਿਣੇ ਖਰੀਦਣ ਵਾਲਿਆਂ ਲਈ ਲਾਗਤ ਹੋਰ ਵਧਾ ਦਿੱਤੀ ਹੈ।
ਮਹਾਨਗਰਾਂ ‘ਚ ਕੀਮਤਾਂ ‘ਚ ਫਰਕ, ਹਫ਼ਤੇ ‘ਚ ਵੱਡਾ ਵਾਧਾ
ਮੁੰਬਈ ਅਤੇ ਦਿੱਲੀ ਵਰਗੇ ਵੱਡੇ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ ਹੋਰ ਵੀ ਉੱਚੀ ਦਰਜ ਕੀਤੀ ਗਈ ਹੈ। ਕੁਝ ਥਾਵਾਂ ‘ਤੇ 24 ਕੈਰੇਟ ਸੋਨਾ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਹੈ। ਕੇਵਲ ਇੱਕ ਹਫ਼ਤੇ ਵਿੱਚ ਹੀ 24 ਕੈਰੇਟ ਸੋਨੇ ਦੀ ਕੀਮਤ ਵਿੱਚ ਲਗਭਗ 2,800 ਰੁਪਏ ਦਾ ਵਾਧਾ ਹੋਇਆ ਹੈ, ਜਦਕਿ 22 ਕੈਰੇਟ ਵਿੱਚ ਵੀ 2,500 ਰੁਪਏ ਤੋਂ ਵੱਧ ਦੀ ਚੜ੍ਹਤ ਦਰਜ ਕੀਤੀ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਦਾ ਅਸਰ
ਗਲੋਬਲ ਮਾਰਕੀਟ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਪ੍ਰਭਾਵ ਭਾਰਤੀ ਬਾਜ਼ਾਰ ‘ਤੇ ਪੈ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸੋਨਾ ਉੱਚ ਦਰਾਂ ‘ਤੇ ਵਪਾਰ ਕਰ ਰਿਹਾ ਹੈ, ਜਿਸ ਕਾਰਨ ਦੇਸੀ ਦਰਾਂ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਦਰਾਂ ਜਾਰੀ ਕਰਨ ਦਾ ਤਰੀਕਾ ਤੇ ਹੋਰ ਜਾਣਕਾਰੀ
ਸਰਾਫਾ ਦਰਾਂ ਹਫ਼ਤੇ ਦੇ ਕਾਰੋਬਾਰੀ ਦਿਨਾਂ ਦੌਰਾਨ ਹੀ ਅਪਡੇਟ ਕੀਤੀਆਂ ਜਾਂਦੀਆਂ ਹਨ ਅਤੇ ਛੁੱਟੀਆਂ ਦੌਰਾਨ ਇਹ ਜਾਰੀ ਨਹੀਂ ਹੁੰਦੀਆਂ। ਇਹ ਵੀ ਯਾਦ ਰਹੇ ਕਿ ਜਾਰੀ ਕੀਤੀਆਂ ਕੀਮਤਾਂ ‘ਚ GST ਸ਼ਾਮਲ ਨਹੀਂ ਹੁੰਦਾ ਅਤੇ ਗਹਿਣੇ ਖਰੀਦਣ ਵੇਲੇ ਮੇਕਿੰਗ ਚਾਰਜ ਵੱਖਰੇ ਲਾਗੂ ਹੁੰਦੇ ਹਨ, ਜਿਸ ਨਾਲ ਅਸਲ ਖਰੀਦ ਮੁੱਲ ਹੋਰ ਵੱਧ ਸਕਦਾ ਹੈ।

