ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਅਚਾਨਕ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਣਕ ਦੀ ਤਿਆਰ ਖੜੀ ਫਸਲ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਨਾਲ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਇਸ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਨੁਕਸਾਨ ਦਾ ਅੰਕਲਨ ਕਰਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ।
ਫਸਲਾਂ ‘ਤੇ ਅਸਰ, ਕਟਾਈ ਵੀ ਹੋ ਸਕਦੀ ਹੈ ਲੇਟ
ਮੌਸਮ ਦੇ ਇਸ ਅਚਾਨਕ ਬਦਲਾਅ ਕਾਰਨ ਨਾ ਸਿਰਫ਼ ਫਸਲਾਂ ਨੂੰ ਨੁਕਸਾਨ ਹੋਇਆ ਹੈ, ਸਗੋਂ ਕਟਾਈ ਦੇ ਕੰਮ ਵਿੱਚ ਵੀ ਦੇਰੀ ਦੀ ਸੰਭਾਵਨਾ ਬਣ ਗਈ ਹੈ। ਖੇਤਾਂ ਵਿੱਚ ਨਮੀ ਵੱਧਣ ਕਰਕੇ ਕਿਸਾਨਾਂ ਨੂੰ ਕਟਾਈ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਮੌਸਮ ਵਿਗਿਆਨੀਆਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਪੂਰੀ ਤਰ੍ਹਾਂ ਸਥਿਰ ਨਹੀਂ ਰਹੇਗਾ। 7 ਅਤੇ 8 ਅਪ੍ਰੈਲ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਕੁਝ ਇਲਾਕਿਆਂ ਲਈ ਯੈਲੋ ਅਤੇ ਕੁਝ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਵੈਸਟਰਨ ਡਿਸਟਰਬੈਂਸ ਨਾਲ ਮੌਸਮ ਅਸਥਿਰ
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਹੀ ਮੌਸਮ ਵਿੱਚ ਲਗਾਤਾਰ ਉਤਾਰ-ਚੜ੍ਹਾਅ ਆ ਰਿਹਾ ਹੈ। ਇਸ ਦੇ ਪ੍ਰਭਾਵ ਹੇਠ ਅਗਲੇ ਦੋ ਦਿਨਾਂ ਤੱਕ ਵੀ ਕਈ ਥਾਵਾਂ ‘ਤੇ ਗਰਜ-ਚਮਕ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਦੇ ਹਾਲਾਤ ਬਣ ਸਕਦੇ ਹਨ।
ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ
ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਦਰਸਾਈ ਗਈ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦਾ ਅਲਰਟ ਹੈ। ਇਸ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਖੇਤੀਬਾੜੀ ‘ਤੇ ਅਸਰ ਪੈ ਸਕਦਾ ਹੈ।
ਅਗਲੇ ਦਿਨਾਂ ‘ਚ ਵੀ ਜਾਰੀ ਰਹੇਗਾ ਮੌਸਮ ਦਾ ਪ੍ਰਭਾਵ
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਵੀਰਵਾਰ ਤੋਂ ਮੌਸਮ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦਰਮਿਆਨ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਸੰਭਾਲ ਅਤੇ ਫਸਲ ਦੀ ਰੱਖਿਆ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

