ਚੰਡੀਗੜ੍ਹ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਕੈਂਟ ਨੇੜਲੇ ਖਜੂਰਲਾ ਇਲਾਕੇ ਵਿੱਚ ਆਪਣਾ ਨਵਾਂ ਘਰ ਤਿਆਰ ਕਰਵਾ ਕੇ ਉੱਥੇ ਵਸੋਬਾਸ ਸ਼ੁਰੂ ਕਰ ਦਿੱਤਾ ਹੈ। ਲਗਭਗ 5 ਕਨਾਲ ਜ਼ਮੀਨ ‘ਤੇ ਬਣੀ ਇਹ ਕੋਠੀ ਸਿਰਫ਼ ਰਹਾਇਸ਼ ਹੀ ਨਹੀਂ, ਸਗੋਂ ਉਨ੍ਹਾਂ ਦੇ ਸਿਆਸੀ ਕੇਂਦਰ ਵਜੋਂ ਵੀ ਕੰਮ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਉਨ੍ਹਾਂ ਉੱਤੇ ਲੱਗ ਰਹੇ ‘ਬਾਹਰੀ’ ਹੋਣ ਦੇ ਇਲਜ਼ਾਮਾਂ ਨੂੰ ਖ਼ਾਰਜ ਕਰਨ ਵੱਲ ਇਕ ਸਪੱਸ਼ਟ ਸੰਦੇਸ਼ ਹੈ।
ਚੋਣਾਂ ਦੌਰਾਨ ਕਿਰਾਏ ਦੇ ਮਕਾਨ ਤੋਂ ਚਲਾਈ ਸੀ ਮੁਹਿੰਮ
ਲੋਕ ਸਭਾ ਚੋਣਾਂ 2024 ਦੇ ਸਮੇਂ ਚੰਨੀ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਆਪਣੀ ਚੋਣ ਮੁਹਿੰਮ ਚਲਾ ਰਹੇ ਸਨ। ਹੁਣ ਨਵਾਂ ਘਰ ਬਣਨ ਨਾਲ ਉਹ ਸਥਾਈ ਤੌਰ ‘ਤੇ ਇੱਥੇ ਟਿਕ ਗਏ ਹਨ, ਜਿਸ ਨਾਲ ਉਨ੍ਹਾਂ ਦੀ ਸਿਆਸੀ ਸਰਗਰਮੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਸੰਭਾਵਨਾ ਹੈ।
ਘਰ ਦਾ ਡਿਜ਼ਾਇਨ ਵੀ ਸਿਆਸੀ ਗਤੀਵਿਧੀਆਂ ਨੂੰ ਧਿਆਨ ‘ਚ ਰੱਖ ਕੇ ਤਿਆਰ
ਚੰਨੀ ਦੇ ਇਸ ਨਵੇਂ ਨਿਵਾਸ ਨੂੰ ਖਾਸ ਤੌਰ ‘ਤੇ ਸਿਆਸੀ ਸਰਗਰਮੀਆਂ ਨੂੰ ਕੇਂਦਰਿਤ ਕਰਕੇ ਤਿਆਰ ਕੀਤਾ ਗਿਆ ਹੈ। ਗਰਾਊਂਡ ਫਲੋਰ ਦਾ ਵੱਡਾ ਹਿੱਸਾ ਪਾਰਟੀ ਦੇ ਕੰਮਾਂ ਲਈ ਰੱਖਿਆ ਗਿਆ ਹੈ, ਜਿੱਥੇ ਮੀਟਿੰਗਾਂ ਲਈ ਦੋ ਵਿਸ਼ਾਲ ਹਾਲ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਹਰ ਖੁੱਲ੍ਹਾ ਲਾਨ ਵੀ ਹੈ, ਜਿੱਥੇ ਵੱਡੇ ਇਕੱਠ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ। ਰਹਾਇਸ਼ ਲਈ ਘਰ ਵਿੱਚ ਸਿਰਫ਼ ਇੱਕ ਬੈੱਡਰੂਮ ਬਣਾਇਆ ਗਿਆ ਹੈ।
ਵਾਸਤੂ ਅਨੁਸਾਰ ਬਣਤਰ, ਖੁੱਲ੍ਹਾ ਲਾਨ ਵੀ ਖਾਸ ਆਕਰਸ਼ਣ
ਘਰ ਦੀ ਬਣਤਰ ਦੌਰਾਨ ਵਾਸਤੂ ਦੇ ਨਿਯਮਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਉੱਤਰ-ਪੂਰਬੀ ਹਿੱਸੇ ਨੂੰ ਖਾਲੀ ਛੱਡ ਕੇ ਲਾਨ ਤਿਆਰ ਕੀਤਾ ਗਿਆ ਹੈ, ਜੋ ਨਾ ਸਿਰਫ਼ ਸੁੰਦਰਤਾ ਵਧਾਉਂਦਾ ਹੈ ਸਗੋਂ ਖੁੱਲ੍ਹੇ ਮਾਹੌਲ ਵਿੱਚ ਗਤੀਵਿਧੀਆਂ ਲਈ ਵੀ ਉਚਿਤ ਹੈ।
ਦੋਆਬਾ ‘ਚ ਸਿਆਸੀ ਦਾਖਲਾ ਮਜ਼ਬੂਤ ਕਰਨ ਦੀ ਕੋਸ਼ਿਸ਼
ਜਲੰਧਰ ਨੂੰ ਦੋਆਬਾ ਖੇਤਰ ਦਾ ਕੇਂਦਰੀ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਮੀਡੀਆ ਦੀ ਮੌਜੂਦਗੀ ਅਤੇ ਦਲਿਤ ਆਬਾਦੀ ਦਾ ਵੱਡਾ ਹਿੱਸਾ ਹੈ। ਚੰਨੀ, ਜੋ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਰਹੇ ਹਨ, ਲਈ ਇਹ ਇਲਾਕਾ ਸਿਆਸੀ ਤੌਰ ‘ਤੇ ਕਾਫ਼ੀ ਮਹੱਤਵਪੂਰਨ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਬਾਵਜੂਦ, 2024 ਵਿੱਚ ਉਨ੍ਹਾਂ ਨੇ ਜਲੰਧਰ ਲੋਕ ਸਭਾ ਸੀਟ ਵੱਡੇ ਅੰਤਰ ਨਾਲ ਜਿੱਤੀ ਸੀ।
ਵੋਟਰਾਂ ਨਾਲ ਨਜ਼ਦੀਕੀ ਵਧਾਉਣ ਲਈ ਵਿਸ਼ੇਸ਼ ਯੋਜਨਾ
ਚੰਨੀ ਨੇ ਕਿਹਾ ਕਿ ਉਹ ਆਪਣੇ ਵੋਟਰਾਂ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਜਲੰਧਰ ਵਿੱਚ ਵਸੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਉਹ ਆਪਣੇ ਸੰਸਦੀ ਖੇਤਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਵਾਰੀ-ਵਾਰੀ ਸੱਦਾ ਦੇਣਗੇ। ਅਗਲੇ ਕੁਝ ਦਿਨਾਂ ਵਿੱਚ ਹਰ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਸਿਆਸੀ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।

